StatCounter

Saturday, March 23, 2013

ਸਵੈ-ਕਥਾ ਸੁਣਾ ਰਿਹੈ - ਸ਼ਹੀਦ ਭਗਤ ਸਿੰਘ ਦਾ ਜੱਦੀ ਘਰਸਵੈ-ਕਥਾ ਸੁਣਾ ਰਿਹੈ


ਸ਼ਹੀਦ ਭਗਤ ਸਿੰਘ ਦਾ ਜੱਦੀ ਘਰ

ਖਟਕੜ ਕਲਾਂ, ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਪ੍ਰਤੀ ਪੁਰਾਤਤਵ ਵਿਭਾਗ, ਪ੍ਰਸ਼ਾਸਨ ਅਤੇ ਹੁਕਮਰਾਨਾ ਦਾ ਜੇ ਬੇਰੁਖ਼ੀ ਭਰਿਆ ਰਵੱਈਆ ਰਿਹਾ ਤਾਂ ਸ਼ਹੀਦ ਭਗਤ ਸਿੰਘ ਅਤੇ ਉਸਨੂੰ ਇਨਕਲਾਬੀ ਵਿਚਾਰਾਂ ਦੀ ਗੁੜਤੀ ਦੇਣ ਵਾਲੇ ਮਾਪਿਆਂ, ਦਾਦਾ ਅਰਜਣ ਸਿੰਘ ਅਤੇ ਚਾਚਾ ਅਜੀਤ ਸਿੰਘ ਵਰਗਿਆਂ ਦੀ ਇਹ ਪ੍ਰੇਰਨਾਮਈ ਕੌਮੀ ਯਾਦਗਾਰ ਮਲ਼ਬੇ ਦਾ ਢੇਰ ਬਣਕੇ ਰਹਿ ਜਾਏਗੀ।1947 ਤੋਂ ਅੱਜ ਤੱਕ ਕੋਈ ਪੌਣੀ ਸਦੀ ਦਾ ਅਰਸਾ ਬੀਤ ਜਾਣ ਤੇ ਇਸ ਯਾਦਗਾਰ ਦੀ ਸਿੱਕੇ ਬੰਦ ਸਾਂਭ-ਸੰਭਾਲ ਦਾ ਕੰਮ ਅਜੇ ਸਰਕਾਰੀ ਫਾਈਲਾਂ ਦੀ ਪਰਕਰਮਾ ਤੱਕ ਸੀਮਤ ਹੈ। ਕਿਸੇ ਦਿਨ ਜੱਦੀ ਘਰ ਥੇਹ ਬਣ ਜਾਣ ਦੀ ਸੁਰਖ਼ੀ ਅਖ਼ਬਾਰੀ ਪੰਨਿਆਂ 'ਤੇ ਪੜਨ ਨੂੰ ਮਿਲ ਸਕਦੀ ਹੈ। ਇੱਟਾਂ ਖੁਰ ਅਤੇ ਭੁਰ ਰਹੀਆਂ ਹਨ। ਕਮਰਿਆਂ ਦੇ ਅੰਦਰਲੇ ਬੰਨੇ ਗਾਰੇ ਦੀ ਚਿਣਾਈ ਵਾਲੀਆਂ ਕੰਧਾਂ ਤੋਂ ਖਲੇਪੜ ਡਿਗ ਰਹੇ ਹਨ। ਬਾਲਿਆਂ, ਸ਼ਤੀਰੀਆਂ ਅਤੇ ਦਰਵਾਜ਼ਿਆਂ ਨੂੰ ਸਿਉਂਕ ਖਾ ਰਹੀ ਹੈ। ਸਿਲ੍ਹ, ਬਰਸਾਤਾਂ, ਤੇਜ ਧੁੱਪ, ਤੇਜ ਠੰਢ ਆਦਿ ਤੋਂ ਅਸਰੁੱਖਿਅਤ ਘਰ ਦੀ ਹਰ ਪਲ ਉਮਰ ਬੀਤਦੀ ਜਾ ਰਹੀ ਹੈ। ਕਮਰਿਆਂ ਨੂੰ ਅਕਸਰ ਤਾਲੇ ਲੱਗੇ ਰਹਿੰਦੇ ਹਨ। ਕਮਰਿਆਂ ਅੰਦਰ ਧੁੱਪ ਅਤੇ ਹਵਾ ਤੱਕ ਨਹੀਂ ਜਾ ਰਹੀ। ਨੰਗੀਆਂ ਛੱਤਾਂ ਉਪਰ ਹਰ ਮੌਸਮ ਆਪਣਾ ਕਹਿਰ ਢਾਅ ਰਿਹਾ ਹੈ।
'ਨੇੜੇ ਆਈ ਜੰਨ, ਵਿੰਨ੍ਹੋ ਕੁੜੀ ਦੇ ਕੰਨ' ਦੀ ਕਹਾਵਤ ਅਨੁਸਾਰ ਹੁਣ ਜਦੋਂ 23 ਮਾਰਚ ਸ਼ਹੀਦੀ ਦਿਹਾੜਾ ਬਰੂਹਾਂ ਤੇ ਹੈ ਤਾਂ ਗਿੱਲੀ ਤੂੜੀ ਮਿੱਟੀ ਦਾ ਲੱਥੇ ਖਲੇਪੜਾਂ ਉੱਪਰ ਪੋਚਾ ਫੇਰ ਦਿੱਤਾ ਹੈ ਤਾਂ ਜੋ ਸਰਕਾਰੀ, ਗੈਰ ਸਰਕਾਰੀ ਸਮਾਗਮਾਂ ਮੌਕੇ ਆਏ ਲੋਕਾਂ ਲਈ ਇਹ ਢਕੀ ਰਿੱਝਦੀ ਰਹੇ। ਅਜੋਕੇ ਯੁੱਗ ਅੰਦਰ ਕਿੰਨੇ ਹੀ ਚਿਰ ਸਥਾਈ ਵਿਗਿਆਨਕ ਤਰੀਕੇ ਸਾਂਭ ਸੰਭਾਲ ਲਈ ਉਪਲਬਧ ਹਨ, ਉਹ ਅਨਪਾਉਣ ਦੀ ਬਜਾਏ ਬੁੱਤਾ ਸਾਰਿਆ ਜਾ ਰਿਹਾ ਹੈ।
ਅਜੇ ਵੀ ਸ਼ਾਇਦ ਵੇਲਾ ਹੈ ਕਿ ਡੰਗ-ਟਪਾਊ ਅਤੇ ਬੇਰੁਖ਼ੀ ਭਰਿਆ ਰਵੱਈਆ ਛੱਡ ਕੇ, ਯੋਗ ਇੰਜਨੀਅਰਾਂ ਦੇ ਪੈਨਲ ਰਾਹੀਂ ਪੂਰੇ ਘਰ ਨੂੰ ਮੁਕੰਮਲ ਤੌਰ ਤੇ ਅਜੇਹੇ ਵਿਸ਼ੇਸ਼ ਸ਼ੈਡ ਦੀ ਛੱਤ ਨਾਲ ਸੰਭਾਲਿਆ ਜਾਏ ਤਾਂ ਜੋ ਲੋੜੀਂਦੀ ਧੁੱਪ, ਰੋਸ਼ਨੀ ਅਤੇ ਹਵਾਹਾਰਾ ਵੀ ਬਣਿਆ ਰਹੇ ਅਤੇ ਵੰਨ-ਸੁਵੰਨੇ ਮੌਸਮਾਂ ਦੀ ਮਾਰ ਤੋਂ ਵੀ ਘਰ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸਦੇ ਮੁੱਖ ਦੁਆਰ ਅਤੇ ਕਮਰਿਆਂ ਦੇ ਮੱਥਿਆਂ ਵਾਲਾ ਪਾਸਾ ਇਉਂ ਸੰਭਾਲਿਆ ਜਾਏ ਕਿ ਆਉਣ ਵਾਲੇ ਲੋਕਾਂ ਲਈ ਕਮਰਿਆਂ ਅੰਦਰ ਪਿਆ ਸਮਾਨ ਅਰਾਮ ਨਾਲ ਦਿਖਾਈ ਵੀ ਦੇਵੇ ਅਤੇ ਕੋਈ ਖਰਾਬ ਵੀ ਨਾ ਕਰ ਸਕੇ।
ਲੋਕ ਭਰੇ ਮਨ ਨਾਲ ਸ਼ਿਕਵਾ ਵੀ ਕਰਦੇ ਹਨ ਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)-ਫਗਵਾੜਾ ਮੁੱਖ ਸੜਕੀ ਮਾਰਗ ਤੇ ਸਥਿਤ ਅਜਾਇਬ ਘਰ ਅਤੇ ਭਗਤ ਸਿੰਘ ਦਾ ਬੁੱਤ ਵੇਖ ਕੇ ਲੋਕ ਵਾਪਸ ਪਰਤ ਜਾਂਦੇ ਹਨ। ਉਹਨਾਂ ਨੂੰ ਇਥੋਂ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵੱਲ ਜਾਣ ਦੀ ਜਾਣਕਾਰੀ ਦਿੰਦੇ ਹੋਏ ਸੰਕੇਤ ਦਿਖਾਈ ਨਹੀਂ ਦਿੰਦੇ। ਪਿਛਲੇ ਦਿਨੀਂ ਮੁੱਖ ਮਾਰਗ ਉਪਰ ਕਈ-ਕਈ ਕਿਲੋਮੀਟਰ ਤੱਕ 'ਦਾਣਾ ਪਾਣੀ ਦੇ ਬੋਰਡ ਤਾਂ ਲਗਾਏ ਗਏ ਜੋ ਕਿ ਅਜਾਇਬ ਘਰ ਦੀ ਚਾਰ ਦੀਵਾਰੀ ਅੰਦਰ ਬਣੀ ਕੰਟੀਨ ਨੂੰ ਨਾਂਅ ਦਿੱਤਾ ਗਿਆ ਸ਼ਹੀਦ ਭਗਤ ਸਿੰਘ ਦੇ ਪਿੰਡ ਬਾਰੇ ਬੋਰਡ ਨਹੀਂ ਲਗਾਏ ਗਏ। ਕੀ ਸ਼ਹੀਦ ਦੇ ਜੱਦੀ ਪਿੰਡ ਨਾਲੋਂ ਹੋਟਲਾਂ ਦੀ ਇਤਿਹਾਸਕ ਮਹੱਤਤਾ ਵਧੇਰੇ ਸਮਝੀ ਜਾ ਰਹੀ ਹੈ ਜਾਂ ਵਪਾਰਕ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ??
ਘੋਖਵੀਆਂ ਨਜ਼ਰਾਂ ਲਈ ਧਿਆਨ ਖਿੱਚਵਾਂ ਇੱਕ ਪੱਖ ਹੋਰ ਵੀ ਹੈ। ਇੱਕ ਬੰਨੇ ਜੱਦੀ ਘਰ ਮੰਦੜੇ ਹਾਲ ਹੈ, ਦੂਜੇ ਬੰਨੇ ਸੜਕ ਤੇ ਪਹਿਲਾਂ ਬਣੇ ਅਜਾਇਬ ਘਰ ਨੂੰ ਢਹਿ ਢੇਰੀ ਕਰਕੇ, ਆਧੁਨਿਕਤਾ ਅਤੇ ਨਵੀਨੀਕਰਣ ਦੇ ਨਾਂਅ ਹੇਠ ਵੱਡ-ਆਕਾਰੀ ਡਿਜ਼ਾਇਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਚਾਲੂ ਹੈ। ਇਹ ਡਿਜ਼ਾਇਨਿੰਗ ਮੂੰਹੋਂ ਬੋਲਦੀ ਹੈ ਕਿ ਅਜਾਇਬ ਘਰ ਤਾਂ ਅਣਸਰਦੇ ਨੂੰ ਰੱਖਣਾ ਹੀ ਪੈਣਾ ਹੈ ਅਸਲ 'ਚ ਤਾਜਾ ਗ੍ਰਹਿਣ ਕੀਤੀ ਜ਼ਮੀਨ ਦੇ ਵਿਸ਼ਾਲ ਰਕਬੇ ਵਿਚ ਰੈਸਟੋਰੈਂਟ ਉਸਾਰਿਆ ਜਾਏਗਾ। ਨਕਸ਼ੇ ਦਾ ਬਣਿਆ ਮਾਡਲ ਇਸਦੀ ਗਵਾਹੀ ਭਰਦਾ ਹੈ। ਬਹੁਤ ਹੀ ਅਛੋਪਲੇ ਜਿਹੇ ਅੰਦਾਜ਼ ਵਿਚ ਇਤਿਹਾਸਕ ਯਾਦਗਾਰ ਦਾ ਪ੍ਰਭਾਵ ਪਰਦੇ ਪਿੱਛੇ ਕਰਨ, ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਜੋ ਅਜੋਕੇ ਸਮੇਂ 'ਚ ਆਏ ਦਿਨ ਹੋਰ ਵੀ ਪ੍ਰਸੰਗਕ ਹੋ ਰਹੀ ਹੈ ਉਸਨੂੰ ਕੇਂਦਰ ਵਿਚ ਲਿਆਉਣ ਦੀ ਬਜਾਏ ਇਸਦੀ ਇਤਿਹਾਸਕ ਮਹੱਤਤਾ ਖੋਰਕੇ ਇਸਨੂੰ ਸੈਰਗਾਹ ਦੇ ਰੂਪ ਵਿਚ ਤਬਦੀਲ ਕਰਨ ਦੇ ਮਨਸ਼ੇ ਪਲ ਰਹੇ ਹਨ। ਅਜੇਹਾ ਹੀ ਯਤਨ ਜਲਿਆਂਵਾਲਾ ਬਾਗ਼ ਵਿਚ ਕੀਤਾ ਗਿਆ। ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਵੇਚ ਕੇ, ਮਲਬੇ 'ਚ ਬਦਲ ਕੇ ਕੀਤਾ ਗਿਆ। ਲਾਹੌਰ ਕੇਂਦਰੀ ਜੇਹਲ  ਦਾ ਨਾਮੋ ਨਿਸ਼ਾਨ ਮਿਟਾ ਕੇ ਉਸਨੂੰ ਇਕ ਚੌਂਕ 'ਚ ਬਦਲ ਦਿੱਤਾ ਗਿਆ। ਏਹੀ ਨਿਸ਼ਾਨਾ ਪਲਦਾ ਹੈ ਸਥਾਪਤੀ ਦੀ ਅੱਖ ਵਿਚ। ਨਹੀਂ ਤਾਂ ਨਵੇਂ ਰੈਸਟੋਰੈਂਟਾਂ, ਝੀਲਾਂ, ਹੋਟਲਾਂ ਤੋਂ ਪਹਿਲ ਪ੍ਰਿਥਮੇਂ ਜੱਦੀ ਘਰ ਨੂੰ ਸੰਭਾਲਣ ਦਾ ਕੰਮ ਸਿਰ ਚੜ ਬੋਲਦਾ ਹੈ ਉਹ ਕਿਉਂ ਵਿਸਾਰਿਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਦੇ ਅਜਾਇਬ ਘਰ ਦੀ ਫੋਟੋਗਰਾਫ਼ੀ ਤੋਂ ਬਿਨਾਂ ਵਜਾਹ ਰੋਕਿਆ ਜਾ ਰਿਹਾ ਹੈ। ਮਕਸਦ ਸਾਫ ਹੈ ਕਿ ਹੌਲੀ-ਹੌਲੀ ਇਤਿਹਾਸਕਤਾ ਨੂੰ ਖੋਰਦਿਆਂ ਪਿਕਨਿਕ ਥਾਂ 'ਚ ਤਬਦੀਲ ਕਰ ਦਿੱਤਾ ਜਾਵੇ। ਇਹ ਨਿਰਅਧਾਰ ਇਲਜਾਮ ਨਹੀਂ। ਠੋਸ ਪ੍ਰਮਾਣ ਤੇ ਅਧਾਰਤ ਹੈ। ਇਤਿਹਾਸਕ ਥਾਵਾਂ ਅਤੇ ਇਤਿਹਾਸਕ ਨਾਇਕਾਂ ਦੀ ਹਕੀਕੀ ਮਹੱਤਤਾ ਦਾ ਮੁਹਾਂਦਰਾ ਬਦਲਣ ਦਾ ਆਪਣਾ ਇਕ ਇਤਿਹਾਸ ਹੈ। ਸਾਡੀ ਨਵ-ਪੀਹੜੀ ਨੂੰ ਇਸ ਦਿਸ਼ਾ ਵੱਲ ਹੀ ਧੂਹਿਆ ਜਾ ਰਿਹਾ ਹੈ। ਸਥਾਪਤੀ ਮੁੱਛ ਨੂੰ ਵਟਾ ਦੇਣ ਵਾਲੇ, ਮਾਰਧਾੜ ਵਾਲੇ, ਟੀ ਸ਼ਰਟਾਂ ਅਤੇ ਪੱਗਾਂ ਤੱਕ ਸੀਮਤ ਕਰਨ ਵਾਲੇ ਭਗਤ ਸਿੰਘ ਨਾਲ ਤਾਂ ਜਾਣ-ਪਹਿਚਾਣ ਕਰਾਉਣ ਤੱਕ ਦਿਲਚਸਪੀ ਲੈਂਦੀ ਹੈ ਪਰ ਇਕ ਚਿੰਤਨਸ਼ੀਲ ਇਨਕਲਾਬ ਦੇ ਚਿੰਨ ਭਗਤ ਸਿੰਘ ਨਾਲ ਅਜੋਕੀ ਨੌਜਵਾਨ ਪੀੜੀ ਕਿਤੇ ਅੱਖ ਅਤੇ ਹੱਥ ਨਾ ਮਿਲਾ ਲਵੇ ਇਸ ਤੋਂ ਬਹੁਤ ਹੀ ਖ਼ਬਰਦਾਰ ਰਹਿ ਰਹੀ ਹੈ।
ਬੀਤੇ ਸਾਲ ਚੋਣਾਂ ਕਾਰਨ ਵੰਨ-ਸੁਵੰਨੀਆਂ ਹਾਕਮ ਧਿਰਾਂ ਪਿੰਡ 'ਚ ਮੇਲੇ ਲਗਾ ਰਹੀਆਂ ਸਨ ਮਿੱਟੀ ਮੱਥੇ ਨਾਲ ਲਗਾ ਰਹੀਆਂ ਸਨ ਹੁਣ ਘਰ ਦੀ ਹਾਲਤ ਵੀ ਦਿਖਾਈ ਨਹੀਂ ਦਿੰਦੀ।
ਜੱਦੀ ਘਰ ਦੀ ਸੁਰੱਖਿਆ ਦੇ ਨਾਲ ਨਾਲ ਇਸ ਨਾਲ ਜੁੜਵੇਂ ਕੁਝ ਹੋਰ ਪੱਖ ਵੀ ਵਿਸ਼ੇਸ਼ ਧਿਆਨ ਖਿੱਚਦੇ ਹਨ। ਜੱਦੀ ਘਰ ਦੇ ਨਾਲ ਗੰਦਗੀ ਭਰਿਆ ਛੱਪੜ ਹੋਇਆ ਕਰਦਾ ਸੀ। ਪ੍ਰੈਸ, ਇਨਕਲਾਬੀ ਜੱਥੇਬੰਦੀਆਂ ਅਤੇ ਨਗਰ ਨਿਵਾਸੀਆਂ ਦੇ ਉੱਦਮ ਨਾਲ ਇਹ ਛੱਪੜ ਪੂਰ ਕੇ ਖ਼ੂਬਸੂਰਤ ਪਾਰਕ ਬਣਾਇਆ ਗਿਆ। ਇਸਨੂੰ ਜੱਦੀ ਘਰ ਨਾਲ ਜੋੜਿਆ ਗਿਆ। ਫੁਆਰੇ ਅਤੇ ਫੁੱਲ ਬੂਟੇ ਲਗਾਏ ਗਏ। ਅੱਜਕੱਲ ਫੁਆਰਾ ਬੰਦ ਹੈ। ਪਾਣੀ ਮੁੱਕਿਆ ਹੈ। ਫੁੱਲ ਬੂਟਾ ਸੁੱਕਿਆ ਹੈ। ਘਾਹ ਅਤੇ ਬੂਟੀ ਜੋਬਨ ਤੇ ਹੈ। ਖਾਸ ਕਰਕੇ ਲਾਇਬਰੇਰੀ ਦੀਆਂ ਬਾਰੀਆਂ ਦੇ ਮੋਢਿਆਂ ਤੱਕ ਬੂਟੀ ਖੜੀ ਹੈ। ਲਾਇਬਰੇਰੀ ਮੰਗਵੇਂ ਸਾਹਾਂ ਤੇ ਚਲ ਰਹੀ ਹੈ। ਦੋ ਦੀ ਥਾਂ ਹੁਣ ਮੁਲਾਜਮ ਇਕ ਕਰ ਦਿੱਤਾ ਹੈ। ਉਹ ਬੰਗਿਆਂ ਤੋਂ ਆਉਂਦਾ ਹੋਇਆ ਕਿਸੇ ਘਰੋਂ ਜਾਤੀ ਤੌਰ ਤੇ ਇੱਕ ਦੋ ਅਖ਼ਬਾਰਾਂ ਚੁੱਕ ਲਿਆਉਂਦਾ ਹੈ। ਦੋ ਘੰਟੇ ਲਾਇਬਰੇਰੀ ਖੋਲਕੇ ਜਾਂਦਾ ਹੋਇਆ ਅਖ਼ਬਾਰਾਂ ਨਾਲ ਲਿਜਾ ਕੇ ਬੰਗੀਂ ਉਸੇ ਘਰ ਵਾਪਸ ਕਰ ਦਿੰਦਾ ਹੈ।
ਮੁੱਖ ਸੜਕ 'ਤੇ ਸਥਿਤ ਅਜਾਇਬ ਘਰ ਤੋਂ ਜੇ ਪਿੰਡ ਖਟਕੜ ਕਲਾਂ ਵਾਲੇ ਜੱਦੀ ਘਰ ਨੂੰ ਆਈਏ ਤਾਂ ਬਿਨ ਫਾਟਕ ਰੇਲਵੇ ਕਰਾਸਿੰਗ ਹੈ। ਇਸ ਰੋਡੇ ਫਾਟਕ ਕਾਰਨ ਕਿਸੇ ਵੇਲੇ ਵੀ ਹਿਰਦੇ ਵੇਦਕ ਹਾਦਸਾ ਵਾਪਰ ਸਕਦਾ ਹੈ। ਇਸ ਫਾਟਕ ਤੇ ਹਮੇਸ਼ਾ ਹੀ ਆਵਾਜਾਈ ਬਣੀ ਰਹਿੰਦੀ ਹੈ। ਖਾਸ ਕਰਕੇ ਜੱਦੀ ਘਰ ਵੇਖਣ ਲਈ ਪੰਜਾਬ ਦੇ ਦੂਰ ਦੁਰਾਡੇ ਖੇਤਰਾਂ ਤੋਂ ਸਕੂਲੀ ਬੱਚੇ ਵੈਨਾਂ 'ਚ ਆਉਂਦੇ ਰਹਿੰਦੇ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮੌਕੇ ਤਾਂ ਵਿਸ਼ਾਲ ਮੇਲਾ ਹੀ ਲੱਗਿਆ ਰਹਿੰਦਾ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੀ ਯਾਦ 'ਚ 100 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ। ਅੱਜ ਕੱਲ ਇਹ 5 ਬਿਸਤਰੇ ਦਾ ਬਣ ਕੇ ਰਹਿ ਗਿਆ। ਦਵਾਈਆਂ ਅਤੇ ਸਾਜੋ ਸਾਮਾਨ ਦਾ 'ਕਾਲ ਪਿਆ ਹੈ। ਸੋਲਰ ਪਲਾਂਟ ਖਟਕੜ ਕਲਾਂ ਦੀ ਬਿਜਲੀ ਸਪਲਾਈ ਦੀ ਵੀ ਸਹੂਲਤ ਇਸ ਹਸਪਤਾਲ ਨੂੰ ਨਹੀਂ। ਜਦੋਂ ਕਿ ਪਿੰਡ ਵਾਸੀਆਂ ਨੇ ਸੋਲਰ ਪਲਾਂਟ ਲਈ ਸਾਰੀ ਜ਼ਮੀਨ ਭੇਟ ਕੀਤੀ ਹੈ।
ਇਕ ਬੰਨੇ ਕਰਤਾਰਪੁਰ ਲਾਗੇ ਆਜ਼ਾਦੀ ਸੰਗਰਾਮੀਆਂ ਦੀ ਯਾਦ 'ਚ ਮਹਾਂ ਅਜਾਇਬ ਘਰ ਬਣਾਉਣ ਦੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਬੰਨੀ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ, ਪਾਰਕ, ਲਾਇਬਰੇਰੀ, ਪੰਜਾਬ ਮਾਤਾ ਦੇ ਖਿਤਾਬ ਨਾਲ ਨਿਵਾਜੀ ਮਾਂ ਵਿਦਿਆਵਤੀ ਯਾਦਗਾਰੀ ਪਾਰਕ, ਹਸਪਤਾਲ ਅਤੇ ਫਾਟਕ ਦੀ ਇਹ ਹਾਲਤ ਹੈ ਇਹ ਸਭ ਕੁਝ ਅਨੇਕਾਂ ਸੁਆਲਾਂ ਨੂੰ ਜਨਮ ਦਿੰਦਾ ਹੈ। ਇਤਿਹਾਸ ਨੂੰ ਕੋਈ ਆਪਣੀ ਮੁੱਠੀ 'ਚ ਕੈਦ ਨਹੀਂ ਕਰ ਸਕਦਾ। ਨਾ ਹੀ ਕੋਈ ਬੇੜੀਆਂ ਪਾ ਸਕਦਾ ਹੈ। ਵਿਸ਼ੇਸ਼ ਕਰਕੇ ਅਜੋਕੇ ਸਮੇਂ ਅੰਦਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉਪਰ ਪਰਦੇ ਪਾਉਣ ਦੇ ਸਾਰੇ ਯਤਨ ਨਾਕਾਮ ਰਹਿਣਗੇ। ਸ਼ਹੀਦ ਭਗਤ ਸਿੰਘ ਨੇ ਖੁਦ ਵੀ ਅਜੇਹੇ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਆਪਣੀ ਜੇਹਲ ਡਾਇਰੀ 'ਚ ਅਮਰੀਕਨ ਕਵੀ ਵਾਲਟ ਵਿਟਮੈਨ ਦੀ ਕਵਿਤਾ ਦਾ ਇਕ ਟੋਟਾ ਦਰਜ਼ ਕੀਤਾ ਹੈ :
ਦਫ਼ਨ ਨਹੀਂ ਹੁੰਦੇ
ਆਜ਼ਾਦੀ ਲਈ ਮਰਨ ਵਾਲੇ
ਪੈਦਾ ਕਰਦੇ ਨੇ ਮੁਕਤੀ-ਬੀਜ
ਹੋਰ ਬੀਜ ਪੈਦਾ ਕਰਨ ਲਈ
ਜਿਸਨੂੰ ਦੂਰ ਲੈ ਜਾਂਦੀ ਹੈ ਹਵਾ
ਫਿਰ ਬੀਜਦੀ ਹੈ ਇਸਨੂੰ
ਪਾਲਣ ਪੋਸਣ ਕਰਦੇ ਨੇ
ਵਰਖ਼ਾ, ਜਲ ਅਤੇ ਠੰਢਕ
ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀਆਂ ਖੁਰਦੀਆਂ ਕੰਧਾਂ ਉਪਰ ਉੱਕਰੇ ਅਤੇ ਪੌਣਾਂ 'ਚ ਲਿਖੇ ਸ਼ਹੀਦ ਦੇ ਬੋਲ ਕਿਸੇ ਵੀ ਬੇ-ਰੁਖੀ ਦੇ ਬਾਵਜੂਦ ਕਦੇ ਮਲਵਾ ਨਹੀਂ ਬਣਨਗੇ। ਉਹਨਾਂ ਫ਼ਾਂਸੀ ਦੇ ਤਖਤੇ ਤੋਂ ਕਿਹਾ ਸੀ—
ਹਵਾ ਮੇਂ ਰਹੇਗੀ
ਹਮਾਰੇ ਖਿਆਲ ਕੀ ਬਿਜਲੀਆਂ
ਯਹ ਮੁਸ਼ਤੇ ਖ਼ਾਕ ਹੈ ਫ਼ਾਨੀ
ਰਹੇ ਰਹੇ, ਨਾ ਰਹੇ।
—ਅਮੋਲਕ ਸਿੰਘ ਸੰਪਰਕ : 94170-76735

D
ilapidated walls of the memorial at Khatkar Kalan

A monument of neglect

Nobody opens the monument to clean it. It is stinking insideAmolak Singh & companions - feeling aghast at the neglect

Electric wires hanging loose - an invitation to accident

Amolak Singh & companions - discussing some point at the monument

This is how the present SAD-BJP Govt of Punjab is treating our national hero

Dry Fountations at the Memorial


1 comment: