StatCounter

Monday, February 16, 2015

ਪੰਜਾਬੀ ਨਾਟਕ ਤੇ ਰੰਗਮੰਚ ਦੇ ਬੁਲੰਦ ਸਿਤਾਰੇ ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਤਿਕਾਰਨ ਲਈ

ਲੋਕਾਂ ਦੇ ਧੜੇ ਦੇ ਮਕਬੂਲ ਨਾਟਕਕਾਰ, ਪੰਜਾਬੀ ਨਾਟਕ ਤੇ ਰੰਗਮੰਚ
ਦੇ ਬੁਲੰਦ ਸਿਤਾਰੇ, ਗੁਰਸ਼ਰਨ ਸਿੰਘ ਰੰਗਮੰਚ ਦੇ ਹਮਸਫ਼ਰ ਤੇ ਵਾਰਿਸ
ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਤਿਕਾਰਨ  ਲਈ

ਇਨਕਲਾਬੀ ਜਨਤਕ ਸਲਾਮ ਸਮਾਰੋਹ


ਸਤਿਕਾਰਯੋਗ ਲੋਕੋ,
ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ 'ਭਾਈ ਲਾਲੋ ਕਲਾ ਸਨਮਾਨ' ਨਾਲ ਸਤਿਕਾਰਿਆ ਜਾ ਰਿਹਾ ਹੈ 1 ਮਾਰਚ ਨੂੰ ਪਿੰਡ ਰੱਲਾ (ਮਾਨਸਾ) ਵਿੱਚ ਹਜ਼ਾਰਾਂ ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਔਰਤਾਂ, ਕਲਾਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਬੁੱਧੀਜੀਵੀ ਇਕੱਠੇ ਹੋਣਗੇ ਤੇ ਅਜਮੇਰ ਔਲਖ ਦੀ ਨਾਟ-ਕਲਾ ਤੇ ਸਾਹਿਤਕ ਘਾਲਣਾ ਨੂੰ ਸਲਾਮ ਕਰਨਗੇ ਅੱਜ ਤੋਂ 9 ਵਰੇ ਪਹਿਲਾਂ ਪਿੰਡ ਕੁੱਸਾ (ਮੋਗਾ) ਵਿੱਚ ਉੱਘੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਵਿਸ਼ਾਲ ਇਕੱਠ ਵਿੱਚ 'ਇਨਕਲਾਬੀ ਨਿਹਚਾ ਸਨਮਾਨ' ਭੇਂਟ ਕੀਤਾ ਗਿਆ ਸੀ ਪੰਜਾਬੀ ਸਾਹਿਤ-ਕਲਾ ਜਗਤ ਅਤੇ ਲੋਕ ਹੱਕਾਂ ਦੀ ਲਹਿਰ ਦੇ ਰਿਸ਼ਤੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਹੋਈ ਸੀ ਏਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੁਣ ਅਜਮੇਰ ਸਿੰਘ ਔਲਖ ਨੂੰ ਸਤਿਕਾਰਿਆ ਜਾ ਰਿਹਾ ਹੈ
ਇਹ ਸਨਮਾਨ ਲੋਕਾਂ ਦੇ ਧੜੇ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਸਪੱਸ਼ਟ ਸੋਝੀ ਨਾਲ ਦਿੱਤਾ ਜਾ ਰਿਹਾ ਹੈ ਕਿ ਸਾਡਾ ਸਮਾਜ ਦੋ ਧੜਿਆਂ ਵਿੱਚ ਵੰਡਿਆ ਹੋਇਆ ਹੈ ਇੱਕ ਪਾਸੇ ਰਾਜ ਭਾਗ ਦੀਆਂ ਮਾਲਕ ਲੁਟੇਰੀਆਂ ਜਮਾਤਾਂ ਹਨ ਤੇ ਦੂਜੇ ਪਾਸੇ ਕਿਰਤੀ ਕਮਾਊ ਲੋਕ ਹਨ ਸਾਹਿਤਕਾਰ ਤੇ ਕਲਾਕਾਰ ਵੀ ਇਹਨਾਂ ਧੜਿਆਂ ਅਨੁਸਾਰ ਹੀ ਵੰਡੇ ਹੋਏ ਹਨ ਇੱਕ ਪਾਸੇ ਉਹ ਸਾਹਿਤਕਾਰ-ਕਲਾਕਾਰ ਹਨ ਜਿਨਾਂ ਦੀ ਕਲਾ ਸੁਚੇਤ ਜਾਂ ਅਚੇਤ ਲੁਟੇਰੀਆਂ ਜਮਾਤਾਂ ਦੇ ਹਿਤਾਂ ਵਿੱਚ ਭੁਗਤਦੀ ਹੈ ਉਹ ਕਲਾ ਲੁਟੇਰੇ ਨਿਜ਼ਾਮ ਦੀ ਉਮਰ ਹੋਰ ਲੰਮੀ ਕਰਨ ਦੇ ਹਾਕਮ ਜਮਾਤਾਂ ਦੇ ਹਿਤਾਂ ਦੀ ਸੇਵਾ ਕਰਦੀ ਹੈ ਲੋਕਾਂ ਦੇ ਮਨਾਂ ਵਿੱਚ ਇਸ ਲੁਟੇਰੇ ਨਿਜ਼ਾਮ ਤੇ ਸਮਾਜ ਦੇ ਅਬਦਲ ਹੋਣ ਅਤੇ ਇਉਂ ਹੀ ਦਿਨ ਕਟੀ ਕਰਨ ਦੇ ਵਿਚਾਰਾਂ/ਸੰਸਕਾਰਾਂ ਦਾ ਪਸਾਰ ਕਰਦੀ ਹੈ, ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਜ਼ਿੰਦਗੀ ਦੀ ਹਕੀਕੀ ਤਸਵੀਰ ਤੇ ਪਰਦਾ ਪਾਉਣ ਦਾ ਰੋਲ਼ ਅਦਾ ਕਰਦੀ ਹੈ ਦੂਜੇ ਪਾਸੇ ਲੋਕਾਂ ਦੇ ਧੜੇ ਦੇ ਸਾਹਿਤਕਾਰ, ਕਲਾਕਾਰ ਹਨ ਜਿਹੜੇ ਲੋਕਾਂ ਸਾਹਮਣੇ ਜੀਵਨ ਦੀ ਅਸਲ ਤਸਵੀਰ ਪੇਸ਼ ਕਰਦੇ ਹਨ ਉਹ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਤੇ ਖੁਸ਼ਹਾਲ ਬਣਾਉਣ ਦਾ ਸੁਪਨਾ ਲੈ ਕੇ ਚਲਦੇ ਹਨ ਅਜਿਹੇ ਸਾਹਿਤਕਾਰ-ਕਲਾਕਾਰ ਲੋਕਾਂ ਦੇ ਧੜੇ ਦੀ ਸੇਵਾ ਕਰਦੇ ਹਨ ਤੇ ਉਹ ਲੋਕਾਂ ਦੇ ਸਨਮਾਨ ਸਤਿਕਾਰ ਦੇ ਹੱਕਦਾਰ ਬਣਦੇ ਹਨ ਲੋਕਾਂ ਦੇ ਧੜੇ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਾਹਿਤਕਾਰਾਂ-ਕਲਾਕਾਰਾਂ ਨੂੰ ਸਾਂਭਣ ਤੇ ਉਹਨਾਂ ਦੀ ਸਾਹਿਤਕ ਘਾਲਣਾ ਦਾ ਮੁੱਲ ਪਾਉਣ ਇਸ ਸਨਮਾਨ ਰਾਹੀਂ ਲੋਕ ਲਹਿਰ ਇਹੀ ਫ਼ਰਜ਼ ਨਿਭਾਅ ਰਹੀ ਹੈ
ਅਜਮੇਰ ਸਿੰਘ ਔਲਖ ਪੰਜਾਬੀ ਸਾਹਿਤ ਕਲਾ ਜਗਤ ਦੀਆਂ ਉਹਨਾਂ ਨਾਮਵਰ ਤੇ ਮੋਹਰੀ ਹਸਤੀਆਂ ਵਿੱਚ ਸ਼ੁਮਾਰ ਹਨ ਜਿਨਾਂ ਦਾ ਨਵੇਂ ਸਮਾਜ ਦੀ ਉਸਾਰੀ ਦਾ ਸੁਪਨਾ ਹਮੇਸ਼ਾਂ ਕਾਇਮ ਰਿਹਾ ਹੈ ਸੰਸਾਰ ਭਰ ਵਿੱਚ ਅਤੇ ਮੁਲਕ ਵਿੱਚ ਵੀ ਅਜਿਹਾ ਭਰੋਸਾ ਹਿੱਲ ਜਾਣ ਦੇ ਕਈ ਦੌਰ ਆਏ ਹਨ, ਮੌਜੂਦਾ ਲੁਟੇਰੇ ਨਿਜ਼ਾਮ ਦੇ ਅਜਿੱਤ ਹੋਣ ਦੇ ਸ਼ੋਰੀਲੇ ਐਲਾਨ ਹੋਏ ਹਨ, ਪਰ ਕਿਰਤ ਦੀ ਸਰਦਾਰੀ ਵਾਲੇ ਨਵੇਂ ਯੁੱਗ ਦੀ ਉਸਾਰੀ ਦਾ ਉਹਨਾਂ ਦਾ ਵਿਸ਼ਵਾਸ ਕਦੇ ਤਿੜਕਿਆ ਨਹੀਂ ਹੈ ਕਿਰਤੀਆਂ-ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਦੇ ਸੋਹਣੇ ਭਵਿੱਖ ਦੀ ਆਸ ਸਦਾ ਕਾਇਮ ਰਹੀ ਹੈ ਤੇ ਉਹਨਾਂ ਦੀਆਂ ਸਾਹਿਤਕ ਕਲਾ ਕ੍ਰਿਤਾਂ ਵਿੱਚ ਪ੍ਰਗਟ ਹੁੰਦੀ ਰਹੀ ਹੈ
ਅਜਮੇਰ ਸਿੰਘ ਔਲਖ ਨੇ ਭਾਵੇਂ ਆਪਣੇ ਨਾਟਕਾਂ ਦਾ ਸਫ਼ਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤੋਂ ਸ਼ੁਰੂ ਕੀਤਾ ਪਰ ਬਹੁਤ ਛੇਤੀ ਹੀ ਉਹਨਾਂ ਨੇ ਨਾਟਕ ਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਸੀਮਤ ਦਾਇਰੇ ਵਿੱਚੋਂ ਕੱਢ ਕੇ ਮਿਹਨਤਕਸ਼ ਪੇਂਡੂ ਕਿਰਤੀ ਲੋਕਾਂ ਤੱਕ ਪਹੁੰਚਾਇਆ ਉਹਨਾਂ ਆਪਣੇ ਰੰਗਮੰਚ ਦੀ ਕਰਮ ਭੂਮੀ ਪਿੰਡਾਂ ਨੂੰ ਬਣਾ ਲਿਆ ਤੇ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਲਿਆ ਉਹ ਅਜਿਹਾ ਤਾਂ ਕਰ ਸਕੇ ਕਿਉਂਕਿ ਉਹ ਹਮੇਸ਼ਾਂ 'ਕਲਾ ਲੋਕਾਂ ਲਈ' ਦੇ ਵਿਚਾਰ ਦੇ ਧਾਰਨੀ ਬਣ ਕੇ ਚੱਲੇ ਹਨ ਕਲਾ ਨੂੰ ਸਮਾਜਿਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਇਆ ਹੈ ਉਹਨਾਂ ਹਾਕਮ ਜਮਾਤਾਂ ਦੇ ਅਜਿਹੇ ਵਿਚਾਰਾਂ ਨੂੰ ਰੱਦ ਕੀਤਾ ਹੈ ਕਿ ਕਲਾ ਤਾਂ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦੀ ਹੈ ਤੇ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਦਾ ਕਲਾ ਦੇ ਖੇਤਰ ਵਿੱਚ ਕੋਈ ਸਥਾਨ ਨਹੀਂ ਹੁੰਦਾ ਹੈ ਉਹਨਾਂ ਲਈ ਕਲਾ ਤਾਂ ਕਿਰਤੀਆਂ ਦੇ ਜੀਵਨ ਦੀ ਅਸਲ ਤਸਵੀਰ ਉਘਾੜਨ ਦਾ ਜ਼ਰੀਆ ਹੈ ਤੇ ਇਹਦੇ ਕੋਹਜ ਨੂੰ ਸੰਵਾਰਨ ਦੀ ਤਾਂਘ ਪੈਦਾ ਕਰ ਦੇਣ ਦਾ ਅਹਿਮ ਹਥਿਆਰ ਹੈ ਆਪਣੇ ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਹੀ ਉਹਨਾਂ ਨੇ ਲੋਕ ਮੁਖੀ ਰੰਗਮੰਚ ਦੀ ਸਿਰਜਣਾ ਕੀਤੀ ਹੈ ਉਹਨਾਂ ਨੇ ਗੁਰਸ਼ਰਨ ਸਿੰਘ ਦੀਆਂ ਰੰਗਮੰਚ ਪਿਰਤਾਂ ਦੇ ਹਮਸਫ਼ਰ ਰਹਿੰਦਿਆਂ, ਅਜਿਹੇ ਢੰਗ ਤਰੀਕੇ ਖੋਜੇ ਤੇ ਸਿਰਜੇ ਹਨ ਜਿਹਦੇ ਨਾਲ ਸਧਾਰਨ ਕਿਰਤੀ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਏਸੇ ਲੋੜ ਵਿੱਚੋਂ ਹੀ ਉਹਨਾਂ ਨੇ ਉੱਚ ਪੱਧਰੀਆਂ ਪਰ ਮਹਿੰਗੀਆਂ ਤਕਨੀਕਾਂ ਤੇ ਨਾਟ-ਜੁਗਤਾਂ ਨੂੰ ਤਿਆਗਿਆ ਘੱਟ ਤੋਂ ਘੱਟ ਖਰਚੀਲੇ ਤੇ ਜਨ-ਸਾਧਾਰਨ ਦੀ ਪਹੁੰਚ ਵਾਲੇ ਪੰਜਾਬੀ ਰੰਗਮੰਚ ਦਾ ਮੁਹਾਂਦਰਾਂ ਘੜਨ ਵਿੱਚ ਉਹਨਾਂ ਦਾ ਅਹਿਮ ਰੋਲ ਹੈ ਉਹਨਾਂ ਨੇ 70 ਵਿਆਂ ਦੇ ਦਹਾਕੇ ਵਿੱਚ ਉਦੋਂ ਆਪਣੀ ਪਤਨੀ ਤੇ ਧੀਆਂ ਨੂੰ ਰੰਗਮੰਚ ਕਲਾਕਾਰਾਂ ਵਜੋਂ ਤੋਰਿਆ ਜਦੋਂ ਔਰਤਾਂ ਦੇ ਸਟੇਜਾਂ 'ਤੇ ਆਉਣ ਨੂੰ ਆਮ ਪੇਂਡੂ ਲੋਕਾਂ ਦੀਆਂ ਨਜ਼ਰਾਂ ਵਿੱਚ ਮਾਣ-ਇੱਜ਼ਤ ਵਾਲਾ ਕੰਮ ਨਹੀਂ ਸੀ ਗਿਣਿਆ ਜਾਂਦਾ ਇਉਂ ਉਹ ਗੁਰਸ਼ਰਨ ਸਿੰਘ ਦੀ 'ਥੜਾ ਥੀਏਟਰ' ਦੀ ਰਵਾਇਤ ਦੇ ਵਾਰਿਸ ਵੀ ਹਨ
ਆਰਥਿਕ ਖੇਤਰ ਤੋਂ ਲੈ ਕੇ ਸਮਾਜਿਕ ਖੇਤਰ ਵਿੱਚ ਪਸਰੇ ਸੰਕਟ ਦਾ ਸੰਤਾਪ ਅਜਮੇਰ ਔਲਖ ਦੇ ਨਾਟਕਾਂ ਵਿੱਚੋਂ ਸਪੱਸ਼ਟ ਉੱਘੜਦਾ ਹੈ ਉਹਨਾਂ ਆਪਣੇ ਮਕਬੂਲ ਨਾਟਕ 'ਬੇਗਾਨੇ ਬੋਹੜ ਦੀ ਛਾਂ' ਵਿੱਚ ਬੋਹੜ ਨੂੰ ਅਜਿਹੇ ਆਰਥਿਕ ਸਮਾਜਿਕ ਨਿਜ਼ਾਮ ਦਾ ਚਿੰਨ ਦਰਸਾਇਆ ਹੈ ਜੋ ਲੋਕ ਵਿਰੋਧੀ ਹੈ ਤੇ ਜਿਸਦੀ ਛਾਂ ਥੱਲੇ ਲੋਕ ਕਦੇ ਵੀ ਸੁੱਖਾਂ ਭਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ ਜ਼ਿੰਦਗੀ ਦੀ ਹਕੀਕਤ ਇਸ ਨਾਟਕ ਵਿੱਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਹੁੰਦੀ ਹੈ ਜਦ ਇਹ ਸਤਰਾਂ ਗੂੰਜਦੀਆਂ ਹਨ 
ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ
ਮਰ ਜਾਣਗੇ ਢਿੱਡ ਦੀ ਲੋੜ ਥੱਲੇ
ਘੜੀ ਸੁੱਖ ਦੀ ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣਗੇ ਬੇਗਾਨੜੇ ਬੋਹੜ ਥੱਲੇ
ਔਲਖ ਦੇ ਨਾਟਕਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਮਾਜ ਵਿੱਚ ਪਸਰੀਆਂ ਸਮੱਸਿਆਵਾਂ ਦੀ ਜੜ ਮੌਜੂਦਾ ਪੈਸਾ ਪ੍ਰਧਾਨ ਸਮਾਜ ਹੈ ਜੀਹਦੇ ਵਿੱਚ ਆਮ ਆਦਮੀ ਦੀ ਵੁੱਕਤ ਇੱਕ ਖੋਟੇ ਪੈਸੇ ਤੋਂ ਜ਼ਿਆਦਾ ਨਹੀਂ ਹੈ (ਤੂੜੀ ਵਾਲਾ ਕੋਠਾ)
ਉਸਨੇ ਆਪਣੇ ਨਾਟਕਾਂ ਵਿੱਚ ਗਰੀਬ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ ਉਹਨਾਂ ਦੇ ਦੁੱਖ ਤਕਲੀਫ਼ਾਂ, ਅਧੂਰੀਆਂ ਖਾਹਿਸ਼ਾਂ-ਉਮੰਗਾਂ ਨੂੰ ਦਿਖਾਇਆ ਹੈ, ਇਹਨਾਂ ਦੇ ਦਮ ਤੋੜਨ ਦਾ ਹਾਲ ਪ੍ਰਗਟਾਇਆ ਹੈ ਇਹ ਤਸਵੀਰ ਦਰਸ਼ਕ ਨੂੰ ਹਲੂਣਦੀ ਹੈ ਤੇ ਕੁੱਝ ਚੰਗਾ ਕਰਨ ਲਈ ਪ੍ਰੇਰਦੀ ਹੈ ਉਹਦੇ ਨਾਟਕਾਂ ਵਿੱਚ ਮਿਹਨਤਕਸ਼ ਲੋਕਾਂ ਦੀ ਸਿਰਫ਼ ਦੁੱਖ ਦਰਦ ਦੀ ਸੰਤਾਪੀ ਜ਼ਿੰਦਗੀ ਹੀ ਨਹੀਂ ਦਿਖਦੀ ਸਗੋਂ ਇਹਦੇ ਵਿੱਚੋਂ ਪੈਦਾ ਹੁੰਦਾ ਗੁੱਸਾ ਤੇ ਰੋਹ ਵੀ ਝਲਕਦਾ ਹੈ ਇਹਨਾਂ ਸਥਿਤੀਆਂ ਵਿੱਚੋਂ ਜਨਮ ਲੈਂਦੀ ਸੰਘਰਸ਼ ਚੇਤਨਾ ਦੇ ਝਲਕਾਰਿਆਂ ਨਾਲ ਜ਼ਿੰਦਗੀ ਦੇ ਹੋਰ ਸੋਹਣੀ ਹੋ ਸਕਣ ਦੀ ਆਸ ਵੀ ਬੰਨਾਉਂਦਾ ਹੈ ਉਹਦੀ ਸਮੁੱਚੀ ਨਾਟ ਰਚਨਾ ਵਿੱਚ ਕਿਰਤ ਦੀ ਵਡਿਆਈ ਤੇ ਉਹਦੀ ਰਾਖੀ ਦਾ ਸੁਨੇਹਾ ਰਚਿਆ ਹੋਇਆ ਹੈ
ਅਜਮੇਰ ਸਿੰਘ ਔਲਖ ਨੇ ਪ੍ਰਚਲਿਤ ਸਮਾਜਿਕ ਧਾਰਨਾਵਾਂ ਦੇ ਪਿੱਛੇ ਛੁਪੀ ਕਰੂਰ ਹਕੀਕਤ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਉਘਾੜਿਆ ਹੈ ਆਦਮੀ ਦਾ ਅਣਵਿਆਹਿਆ ਰਹਿ ਜਾਣਾ ਔਲਖ ਲਈ ਮਜ਼ਾਕ ਦਾ ਮੁੱਦਾ ਨਹੀਂ ਸਗੋਂ ਗੁਜ਼ਾਰੇ ਦੇ ਸਾਧਨਾਂ ਦੀ ਤੋਟ ਵਿੱਚੋਂ ਉਪਜੀ ਗ਼ਰੀਬ ਆਦਮੀ ਦੀ ਤ੍ਰਾਸਦੀ ਹੈ ਗਰੀਬ ਕਿਸਾਨੀ ਵਿੱਚ ਅਣਵਿਆਹੇ ਆਦਮੀਆਂ ਦੀ ਤ੍ਰਾਸਦੀ ਤੇ ਉਸੇ ਘਰ ਦੀਆਂ ਔਰਤਾਂ ਦੇ ਜੀਵਨ ਹਾਲਤਾਂ ਨੂੰ ਔਲਖ ਨੇ ਇਉਂ ਪੇਸ਼ ਕੀਤਾ ਹੈ ਕਿ ਸਧਾਰਨ ਦਿਖਦੇ ਅਜਿਹੇ ਸਮਾਜਿਕ ਵਰਤਾਰੇ ਰੜਕਣ ਲੱਗ ਜਾਂਦੇ ਹਨ ਉਹਦੇ ਨਾਟਕ ਅਜਿਹੇ ਸੰਸਕਾਰਾਂ ਤੇ ਸੋਚਾਂ ਦੇ ਅਸਰਾਂ ਨੂੰ ਖੋਰਨ ਵਿੱਚ ਸਹਾਈ ਹੁੰਦੇ ਹਨ ਜਿਹੜੀਆਂ ਸੋਚਾਂ ਮੌਜੂਦਾ ਲੁਟੇਰੇ ਸਮਾਜਿਕ ਨਿਜ਼ਾਮ ਨੂੰ ਤਾਕਤ ਬਖਸ਼ਦੀਆਂ ਹਨ ਤੇ ਇਹਦੀ ਇਨਕਲਾਬੀ ਤਬਦੀਲੀ ਲਈ ਸੰਘਰਸ਼ ਕਰਦੇ ਲੋਕਾਂ ਦੀ ਤਿਆਰੀ ਨੂੰ ਨਾਂਹ-ਪੱਖੀ ਰੁਖ਼ ਪ੍ਰਭਾਵਿਤ ਕਰਦੀਆਂ ਹਨ ਸਮਾਜਿਕ ਵਿਕਾਸ ਵਿੱਚ ਅੜਿੱਕਾ ਬਣਦੀ ਜਗੀਰੂ ਚੌਧਰ, ਮਰਦਾਵਾਂ ਸਮਾਜਿਕ ਦਾਬਾ ਤੇ ਜਾਤਪਾਤੀ ਸਮਾਜਕ ਦਾਬਾ ਵਿਤਕਰਾ ਉਸਦੀ ਕਲਾ ਦਾ ਵਿਸ਼ੇਸ਼ ਚੋਟ-ਨਿਸ਼ਾਨਾ ਹਨ ਉਸਦੀ ਕਲਾ ਦਾ ਝੰਜੋੜਾ ਪਿਛਾਂਹ-ਖਿੱਚੂ ਸੋਚਾਂ ਸੰਸਕਾਰਾਂ ਨੂੰ ਤਿਆਗਣ ਤੇ ਨਵਾਂ ਸਮਾਜ ਬਣਾਉਣ ਦਾ ਇਨਕਲਾਬੀ ਉੱਦਮ ਜੁਟਾਉਣ ਲਈ ਪ੍ਰੇਰਦਾ ਹੈ ਅਖੌਤੀ ਨੀਵੀਆਂ ਜਾਤਾਂ ਲਈ ਉਹਦੇ ਨਾਟਕਾਂ ਵਿੱਚ ਤਰਸ ਦੀ ਭਾਵਨਾ ਦੀ ਥਾਂ ਮਾਣ ਨਾਲ ਸਿਰ ਉੁੱਚਾ ਕਰਕੇ ਜਿਉਣ ਦੀ ਅਧਿਕਾਰ ਜਤਾਈ ਝਲਕਦੀ ਹੈ
ਅਜਮੇਰ ਔਲਖ ਦਾ ਨਾਟਕ ਤੇ ਰੰਗਮੰਚ ਲੋਕ ਲਹਿਰ ਦੇ ਨਾਲ ਨਾਲ ਤੁਰਿਆ ਹੈ 80 ਵਿਆਂ ਦੇ ਸ਼ੁਰੂ ਵਿੱਚ ਲਿਖੇ ਉਸਦੇ ਨਾਟਕਾਂ ਵਿੱਚ ਆੜਤੀਆਂ ਸ਼ਾਹੂਕਾਰਾਂ ਦੀ ਲੁੱਟ ਦੀ ਸਤਾਈ ਗਰੀਬ ਕਿਸਾਨੀ ਤੇ ਖੇਤ-ਮਜ਼ਦੂਰਾਂ ਵਿੱਚ ਉਬਾਲੇ ਮਾਰਦੇ ਗੁੱਸੇ ਦੀ ਤਸਵੀਰ ਹੈ ਇਸ ਗੁੱਸੇ ਦੇ ਗ਼ਲਤ ਲੀਹ ਤੇ ਚੜ ਜਾਣ ਤਾ ਤੌਖ਼ਲਾ ਵੀ ਹੈ ਤੇ ਸਹੀ ਲੀਹ ਤੇ ਤੋਰਨ ਲਈ ਵੱਡੇ ਸਾਂਝੇ ਦੁਸ਼ਮਣ ਖਿਲਾਫ਼ ਸੰਘਰਸ਼ਾਂ ਦੀ ਧਾਰ ਸੇਧਤ ਕਰਨ ਦੀ ਦਿਸ਼ਾ ਵੀ ਹੈ ਮੌਜੂਦਾ ਨਿੱਜੀਕਰਨ ਸੰਸਾਰੀਕਰਨ ਦੇ ਹੱਲੇ ਦੇ ਦੌਰ ਵਿੱਚ ਉਸਨੇ ਜ਼ਮੀਨੀ ਘੋਲ ਨੂੰ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਇਆ ਹੈ ਔਲਖ ਨੇ ਗੋਬਿੰਦਪੁਰੇ ਵਿੱਚ ਚੱਲੇ ਘੋਲ ਨਾਲ ਬਹੁਤ ਗਹਿਰਾ ਸਰੋਕਾਰ ਦਿਖਾਉਂਦਿਆਂ ਨਾਟਕ 'ਐਇੰ ਨੀਂ ਹੁਣ ਸਰਨਾ' ਲਿਖ ਕੇ, ਹਕੂਮਤੀ ਤੇ ਕਾਰਪੋਰੇਟ ਲਾਣੇ ਦੀਆਂ ਲੋਟੂ ਵਿਉਂਤਾਂ ਦਾ ਪਾਜ ਉਘੇੜਦਿਆਂ, ਕਿਸਾਨੀ ਸੰਘਰਸ਼ ਦੀ ਲੋੜ ਨੂੰ ਉਭਾਰਿਆ ਹੈ 'ਸਰਮਾਏਦਾਰਾਂ ਨੂੰ ਚਿੱਤ ਕਰਨ ਲਈ' ਹਰ ਹਥਿਆਰ ਵਰਤਣ ਦਾ ਸੰਦੇਸ਼ ਦਿੱਤਾ ਹੈ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਵਿੱਚ ਔਲਖ ਆਪਣੇ ਨਾਟਕ 'ਅੰਨੇ ਨਿਸ਼ਾਨਚੀ' ਰਾਹੀਂ ਫ਼ਿਰਕੂ ਸਿਆਸਤ ਦਾ ਪਾਜ ਉਘੇੜਦਿਆਂ, ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦਾ ਰਿਹਾ ਹੈ ਲੋਕ ਮਨਾਂ 'ਤੇ ਪੱਸਰੀ ਅੰਧਵਿਸ਼ਵਾਸਾਂ ਦੀ ਧੁੰਦ ਨੂੰ ਦੂਰ ਕਰਨ ਲਈ ਤਰਕਸ਼ੀਲ ਲਹਿਰ ਦੀ ਮਹੱਤਤਾ ਨੂੰ ਉਭਾਰਦਾ ਨਾਟਕ ''ਚਾਨਣ ਦੇ ਵਣਜਾਰੇ'' ਲਿਖਿਆ ਤੇ ਖੇਡਿਆ ਹੈ ਗਦਰ ਸ਼ਤਾਬਦੀ ਮੌਕੇ ਗਦਰ ਲਹਿਰ ਦੀ ਵਿਰਾਂਗਣ ਗੁਲਾਬ ਕੌਰ ਦੀ ਕਰਨੀ ਰਾਹੀਂ ਲਹਿਰ ਦੀ ਦੇਣ ਦਰਸਾਉਂਦਾ ਨਾਟਕ ''ਤੂੰ ਚਰਖਾ ਘੁਕਦਾ ਰੱਖ ਜਿੰਦੇ'' ਲੋਕਾਂ ਨੂੰ ਦਿੱਤਾ ਹੈ
ਏਨੀ ਬਰੀਕੀ ਵਿੱਚ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਚਿਤਰ ਸਕਣ ਵਿੱਚ ਉਹਦੀ ਇਨਕਲਾਬੀ ਦ੍ਰਿਸ਼ਟੀ ਦੇ ਨਾਲ ਨਾਲ ਉਹਦਾ ਆਪਣਾ ਪੇਂਡੂ ਕਿਸਾਨੀ ਜੀਵਨ ਦਾ ਸਿੱਧਾ ਅਨੁਭਵ ਵੀ ਹੈ ਇੱਕ ਗ਼ਰੀਬ ਕਿਸਾਨ ਮੁਜਾਰੇ ਪਰਿਵਾਰ ਵਿੱਚ ਜਨਮੇ ਅਜਮੇਰ ਔਲਖ ਨੇ ਗਰੀਬ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ ਜਗੀਰਦਾਰਾਂ ਦੇ ਜਬਰ ਦਾ ਸੇਕ ਝੱਲਿਆ ਹੈ ਥੁੜ-ਜ਼ਮੀਨੇ ਕਿਸਾਨ ਪਰਿਵਾਰ ਦੀਆਂ ਤੋਟਾਂ ਭਰੀ ਜ਼ਿੰਦਗੀ ਵਿੱਚ ਬਚਪਨ ਗੁਜ਼ਾਰਿਆ ਹੈ ਨਿੱਕੇ ਹੁੰਦਿਆਂ ਔਲਖ ਵੱਲੋਂ ਆਪਣੀ ਮਾਂ ਤੋਂ ਮੱਕੀ ਦੀ ਛੱਲੀ ਮੰਗਣ ਤੇ ਮਾਂ ਵੱਲੋਂ ਖੇਤੋਂ ਛੱਲੀ ਲਿਆਉਣ ਮੌਕੇ ਜਗੀਰਦਾਰਾਂ ਦੇ ਗੁੰਡਿਆਂ ਵੱਲੋਂ ਪੰਡ ਦੀ ਤਲਾਸ਼ੀ ਲੈਣ ਤੇ ਮਾਂ ਵੱਲੋਂ ਗੁੱਸੇ ਵਿੱਚ ਛੱਲੀ ਵਗਾ ਮਾਰਨ ਦੀ ਘਟਨਾ ਉਹਦੇ ਚੇਤਿਆਂ ਵਿੱਚ ਡੂੰਘੀ ਤਰਾਂ ਉੱਕਰੀ ਪਈ ਹੈ ਇਉਂ ਹੀ ਮਗਰੋਂ ਚੜਦੀ ਜਵਾਨੀ ਵੇਲੇ ਜਗੀਰਦਾਰ ਵੱਲੋਂ ਉਹਦੀ ਪਿੱਠ 'ਤੇ ਮਾਰੇ ਠੁੱਡੇ ਦੀ ਪੀੜ ਅਜਮੇਰ ਔਲਖ ਨੂੰ ਅਜੇ ਵੀ ਮਹਿਸੂਸ ਹੁੰਦੀ ਹੈ ਉਹਨੇ ਕਿਸਾਨਾਂ ਦੀ ਲੁੱਟ ਦਾ ਸੰਤਾਪ ਦੇਖਿਆ ਤੇ ਖੇਤਾਂ ਦੀ ਰਾਖੀ ਲਈ ਉੱਠਦੇ ਕਿਸਾਨ ਉਭਾਰ ਦੇ ਦਿਨਾਂ ਵਿੱਚ ਹੀ ਪਲ਼ ਕੇ ਵੱਡਾ ਹੋਇਆ ਉਹਦੇ ਮਨ ਵਿੱਚ ਪੈਪਸੂ ਦੀ ਜੁਝਾਰ ਮੁਜਾਰਾ ਲਹਿਰ ਦੀ ਚੜਤ ਦੇ ਦਿਨਾਂ ਦੀਆਂ ਯਾਦਾਂ ਸਾਂਭੀਆਂ ਪਈਆਂ ਹਨ ਬਚਪਨ ਵਿੱਚ ਕਿਸਾਨ ਸੰਘਰਸ਼ਾਂ ਦੀਆਂ ਸਟੇਜਾਂ ਤੋਂ ਆਪਣੇ ਰਚੇ ਗੀਤ ਗਾਉਂਦਿਆਂ ਉਹਨੇ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਇਉਂ ਉਹ ਕਿਸਾਨ ਸੰਘਰਸ਼ਾਂ ਦੀ ਗੁੜਤੀ ਲੈ ਕੇ ਸਾਹਿਤਕ ਪਿੜ ਵਿੱਚ ਆਇਆ ਉੱਘੇ ਕਿਸਾਨ ਆਗੂ ਧਰਮ ਸਿੰਘ ਫੱਕਰ ਵੱਲੋਂ ਉਹਦੇ ਗੀਤ ਬਦਲੇ ਦਿੱਤੀ ਹੱਲਾਸ਼ੇਰੀ ਤੇ ਇੱਕ ਰੁਪਏ ਦਾ ਇਨਾਮ ਅੱਜ ਵੀ ਅਜਮੇਰ ਔਲਖ ਨੂੰ ਕਿਸਾਨ ਮਜ਼ਦੂਰ ਹਿਤਾਂ ਲਈ ਕਲਮ ਚਲਾਉਣ ਤੇ ਨਾਟਕ ਖੇਡਣ ਦੀ ਪ੍ਰੇਰਨਾ ਦਿੰਦਾ ਹੈ
ਕਲਾ ਤੇ ਸਾਹਿਤਕ ਖੇਤਰ ਦੀ ਘਾਲਣਾ ਦੇ ਨਾਲ ਅਜਮੇਰ ਸਿੰਘ ਔਲਖ ਨੇ ਲੋਕ ਹੱਕਾਂ ਦੀ ਲਹਿਰ ਵਿੱਚ ਇੱਕ ਜਮਹੂਰੀ ਕਾਰਕੁੰਨ ਵਜੋਂ ਵੀ ਰੋਲ ਅਦਾ ਕੀਤਾ ਹੈ ਉਹ ਅਜਿਹੇ ਦੌਰ ਵਿੱਚ ਅੱਗੇ ਆਇਆ ਜਦੋਂ ਵੱਡੀਆਂ ਬਹੁਕੌਮੀ ਕੰਪਨੀਆਂ ਦੀ ਅੰਨੀ ਲੁੱਟ ਲਈ ਦੇਸ਼ ਦੇ ਕਿਰਤੀ ਲੋਕਾਂ ਤੇ ਹਕੂਮਤੀ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ ਜੰਗਲਾਂ ਤੇ ਜ਼ਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਦਾ ਸ਼ਿਕਾਰ ਖੇਡਣ ਲਈ 'ਅਪ੍ਰੇਸ਼ਨ ਗਰੀਨ ਹੰਟ' ਸ਼ੁਰੂ ਕੀਤਾ ਗਿਆ ਤਾਂ ਪੰਜਾਬ ਵਿੱਚ 'ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ' ਨਾਂ ਦੇ ਪਲੇਟਫਾਰਮ ਨੇ ਇਸ ਹਕੂਮਤੀ ਜਬਰ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਜਮੇਰ ਔਲਖ ਇਸ ਫਰੰਟ ਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਹੈ ਉਹ ਜਮਹੂਰੀ ਅਧਿਕਾਰ ਸਭਾ ਦਾ ਪੰਜਾਬ ਦਾ ਪ੍ਰਧਾਨ ਬਣਿਆ ਅੱਜ ਕੱਲ ਉਹ ਲੋਕਾਂ ਵਿੱਚ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਤੇ ਹਕੂਮਤੀ ਜਬਰ ਦਾ ਵਿਰੋਧ ਕਰਨ ਦੀਆਂ ਸਰਗਰਮੀਆਂ ਦਾ ਮੋਢੀ ਹੈ ਉਹ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਚੱਲੀ 'ਰਾਜ ਬਦਲੋ, ਸਮਾਜ ਬਦਲੋ' ਨਾਂ ਦੀ ਵਿਸ਼ਾਲ ਜਨਤਕ ਮੁਹਿੰਮ ਦਾ ਅੰਗ ਰਿਹਾ ਹੈ
ਅਜਮੇਰ ਔਲਖ ਦੇ ਸਨਮਾਨ ਰਾਹੀਂ ਪੰਜਾਬ ਦੀ ਇਨਕਲਾਬੀ ਲਹਿਰ ਉਹਨਾਂ ਸਭਨਾਂ ਸਾਹਿਤਕਾਰਾਂ, ਕਲਾਕਾਰਾਂ ਨੂੰ ਸਲਾਮ ਕਰ ਰਹੀ ਹੈ ਜਿਨਾਂ ਨੇ ਲੋਕਾਂ ਦੇ ਸੋਹਣੇ ਭਵਿੱਖ ਦਾ ਸੁਪਨਾ ਲਿਆ ਹੈ ਪੰਜਾਬੀ ਸਾਹਿਤ ਦੀ ਇਹ ਲੋਕ ਪੱਖੀ ਦ੍ਰਿਸ਼ਟੀ ਯੁੱਗਾਂ ਯੁੱਗਾਂ ਤੋਂ ਚੱਲਦੀ ਆਈ ਹੈ ਸਾਡੇ ਦੇਸ਼ ਵਿੱਚ ਪੁਰਾਤਨ ਸਮਿਆਂ ਤੋਂ ਹੀ ਸਾਹਿਤ ਦਾ ਮਨੋਰਥ ਸੱਚ ਪ੍ਰਗਟਾਉਣਾ ਦੱਸਿਆ ਜਾਂਦਾ ਰਿਹਾ ਹੈ ਪੰਜਾਬੀ ਸਾਹਿਤ ਰਾਜੇ ਮਹਾਰਾਜਿਆਂ ਦੇ ਜਬਰ ਨੂੰ ਲਲਕਾਰਾਦਾ ਆਇਆ ਹੈ ਬਾਬੇ ਨਾਨਕ ਵੱਲੋਂ ਆਪਣੇ ਸੁਨੇਹੇ ਲਈ ਸਾਹਿਤ ਕਲਾ ਦੇ ਹਥਿਆਰ ਦੀ ਵਰਤੋਂ ਦਾ ਹੀ ਕਮਾਲ ਹੈ ਕਿ ਉਹਦਾ ਹੋਕਾ ਭਾਈ ਲਾਲੋਆਂ ਨੂੰ ਜਾਗ੍ਰਿਤ ਕਰਦਾ ਰਿਹਾ ਹੈ ਸਾਹਿਤ ਕਲਾ ਦਾ ਖੇਤਰ ਲੋਕਾਂ ਦੀ ਮੁਕਤੀ ਲਈ ਸੰਘਰਸ਼ ਦਾ ਅਹਿਮ ਹਥਿਆਰ ਬਣਦਾ ਰਿਹਾ ਹੈ ਪੰਜਾਬ ਵਿੱਚ ਕਿਸੇ ਵੇਲੇ ਚੱਲੀ ਇਪਟਾ ਲਹਿਰ ਦੇ ਨਾਟਕਾਂ ਤੇ ਓਪੇਰਿਆਂ ਨੇ ਮਿਹਨਤਕਸ਼ ਜਨਤਾ ਨੂੰ ਕਲਾ ਨਾਲ ਹਲੂਣ ਜਗਾਉਣ ਦਾ ਰੋਲ ਨਿਭਾਇਆ ਸੀ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਚੱਲਦੀ ਰਹੀ ਨਾਟਕ ਲਹਿਰ ਨੇ ਹਮੇਸ਼ਾਂ ਹੀ ਪੰਜਾਬ ਦੀ ਲੋਕ ਲਹਿਰ ਦਾ ਅਹਿਮ ਮੋਰਚਾ ਸੰਭਾਲੀ ਰੱਖਿਆ ਹੈ ਸਾਹਿਤ ਕਲਾ ਦੀ ਤਾਕਤ ਸਾਡਾ ਵਿਰਸਾ ਵੀ ਦਰਸਾਉਂਦਾ ਹੈ, ਚੰਡੀ ਦੀ ਵਾਰ ਸੂਰਮਿਆਂ ਵਿੱਚ ਮੈਦਾਨ--ਜੰਗ ਵਿੱਚ ਜਾਣ ਦਾ ਜੋਸ਼ ਭਰਦੀ ਰਹੀ ਹੈ ਲੋਕ ਪੱਖੀ ਸਾਹਿਤ ਕਲਾ ਦੀ ਤਾਕਤ ਤੋਂ ਹਾਕਮ ਘਬਰਾਉਂਦੇ ਆਏ ਹਨ ਉਹ ਲੋਕ ਪੱਖੀ ਕਲਾਕਾਰਾਂ ਸਾਹਿਤਕਾਰਾਂ ਨੂੰ ਕਤਲ ਕਰਵਾਉਦੇ, ਜੇਲੀਂ ਡੱਕਦੇ ਤੇ ਜਬਰ ਢਾਹੁੰਦੇ ਰਹੇ ਹਨ ਉੱਘੇ ਕਵੀ ਪਾਸ਼ ਦਾ ਕਤਲ, ਲੋਕ ਪੱਖੀ ਨਾਟਕਕਾਰ ਸਫ਼ਦਰ ਹਾਸ਼ਮੀ ਦੇ ਕਤਲ ਤੋਂ ਲੈ ਕੇ, ਲੋਕਾਂ ਨੂੰ ਜਗਾਉਂਦੇ ਨਾਟਕਾਂ ਗੀਤਾਂ ਤੇ ਪਾਬੰਦੀਆਂ ਮੜਦੇ ਆਏ ਹਨ
ਇਹ ਸਨਮਾਨ ਹਕੂਮਤਾਂ ਦੇ ਸੋਹਲੇ ਗਾਉਣ ਵਾਲੇ ਦਰਬਾਰੀ ਸਾਹਿਤਾਰਾਂ ਤੋਂ ਨਿਖੇੜੇ ਦੀ ਲਕੀਰ ਖਿੱਚ ਕੇ ਦਿੱਤਾ ਜਾ ਰਿਹਾ ਹੈ ਇਹ ਉਹਨਾਂ ਦਾ ਸਨਮਾਨ ਨਹੀਂ ਹੈ ਜਿਨਾਂ ਨੇ ਤਰੱਕੀਆਂ ਕਰਦਾ ਦੇਸ਼ ਦਿਖਾ ਕੇ, ਸਾਡੇ ਖੇਤਾਂ ਤੇ ਘਰਾਂ ਵਿੱਚ ਬਹਾਰਾਂ ਦਰਸਾ ਕੇ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨਣ ਦਾ ਯਤਨ ਕੀਤਾ ਹੈ ਨਾ ਉਹਨਾਂ ਦਾ ਸਨਮਾਨ ਹੈ ਜਿਨਾਂ ਨੇ ਸਰਮਾਏਦਾਰਾਂ ਦੇ ਵਪਾਰਕ ਹਿਤਾਂ ਲਈ ਆਪਣੀ ਕਲਾ ਦਾ ਮੁੱਲ ਵੱਟਿਆ ਹੈ ਨੌਜਵਾਨ ਪੀੜੀ ਨੂੰ ਲੱਚਰਤਾ, ਅੱਯਾਸ਼ੀ ਤੇ ਫੋਕੀ ਸ਼ੋਹਰਤ ਦੇ ਡੂੰਘੇ ਸਮੁੰਦਰਾਂ ਵਿੱਚ ਡੁਬੋਣ ਦਾ ਯਤਨ ਕੀਤਾ ਹੈ
ਮੰਡੀ ਦੇ ਯੁੱਗ ਵਿੱਚ ਸਾਹਿਤਕਾਰਾਂ ਕਲਾਕਾਰਾਂ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ ਪੂੰਜੀ ਦੇ ਬੋਲਬਾਲੇ ਦੇ ਦੌਰ ਵਿੱਚ ਸਭ ਕੁਝ ਵਿਕਾਊ ਹੈ ਹਾਕਮ ਜਮਾਤਾਂ ਵੱਲੋਂ ਪਰੋਸੇ ਜਾ ਰਹੇ ਲਾਲਚ ਸਾਹਿਤਕਾਰਾਂ ਕਲਾਕਾਰਾਂ ਦੇ ਪੈਰ ਉਖਾੜ ਰਹੇ ਹਨ ਤੇ ਲੋਕਾਂ ਦੇ ਕਾਜ਼ ਪ੍ਰਤੀ ਵਫ਼ਾਦਾਰੀ ਤੇ ਸਮਾਜ ਬਦਲੀ ਦੀ ਨਿਹਚਾ ਦੀ ਪਰਖ ਹੋ ਰਹੀ ਹੈ ਤਾਂ ਅਜਮੇਰ ਔਲਖ ਇਸ ਦੌਰ ਵਿੱਚ ਪੈਰ ਗੱਡ ਕੇ ਲੋਕਾਂ ਦੀ ਧਿਰ ਨਾਲ ਖੜੇ ਹਨ ਤੇ ਵਫ਼ਾ ਨਿਭਾਈ ਹੈ ਉਹ ਵੱਡੀਆਂ ਕਮਾਈਆਂ ਤੇ ਸ਼ੋਹਰਤਾਂ ਲਈ ਕਲਾ ਨੂੰ ਵੇਚਣ ਦੇ ਰਾਹ ਨਹੀਂ ਪਏ
ਸਨ 2008 ਵਿੱਚ ਉਹਨਾਂ ਨੂੰ ਚਿੰਬੜੀ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਸੰਘਰਸ਼ਸ਼ੀਲ ਲੋਕਾਂ ਵਿੱਚ ਉੱਠੀ ਫ਼ਿਕਰਮੰਦੀ ਤੇ ਗਹਿਰੇ ਸਰੋਕਾਰ ਦਾ ਪ੍ਰਗਟਾਵਾ ਉਹਨਾਂ ਦੇ ਇਲਾਜ ਲਈ ਆਰਥਿਕ ਸਹਾਇਤਾ ਜੁਟਾਉਣ ਦੀ ਮੁਹਿੰਮ ਰਾਹੀਂ ਹੋਇਆ ਸੀ ਬਿਸਤਰ ਤੇ ਪਿਆਂ ਲੋਕਾਂ ਦੀ ਇਸ ਦੇਣ ਦਾ 'ਕਰਜ਼ਾ' ਚੁਕਾਉਣ ਦਾ ਐਲਾਨ ਉਹਨਾਂ ਇੱਕ ਕਵਿਤਾ ਰਾਹੀਂ ਕੀਤਾ ਸੀ ਜਿਹਦੇ ਵਿੱਚ ਮੌਤ ਨੂੰ ਵੰਗਾਰਦਿਆਂ ਉਹਨਾਂ ਕਿਹਾ ਸੀ -
ਮੈਂ ਦੱਸਾਂਗਾ ਉਸਨੂੰ
ਕਿ ਕਿਰਤ, ਸਿਰਜਣਾ ਤੇ ਜ਼ਿੰਦਗੀ ਮੇਰੇ ਸੰਗ ਨੇ
ਕੁਝ ਨਹੀਂ ਵਿਗਾੜ ਸਕਦੀ ਤੂੰ ਮੇਰਾ
ਉਹਨਾਂ ਐਲਾਨ ਕੀਤਾ
ਹੇ ਜ਼ਿੰਦਗੀ ਮੈਂ ਰਿਹੈਂ
ਮੇਰੇ ਸਿਰ ਚੜਿਆ ਤੇਰਾ ਕਰਜ਼ਾ
ਉਤਾਰਨ ਵਾਸਤੇ
ਇਹ ਐਲਾਨ ਲੋਕ ਪੱਖੀ ਸਾਹਿਤ ਕਲਾ ਸਿਰਜਣਾ ਦੇ ਖੇਤਰ ਵਿੱਚ ਹੋਰ ਸ਼ਿੱਦਤ ਤੇ ਲਗਨ ਨਾਲ ''ਆਪਣੀ ਥਾਂ'' ਦੀ ਤਾਂਘ ਦਾ ਪ੍ਰਗਟਾਵਾ ਸੀ ਅਤੇ ਲੋਕਾਂ ਦੀਆਂ ਆਸਾਂ ਨੂੰ ਹੁੰਗਾਰਾ ਸੀ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਅਜਿਹੀ ਘਾਲਣਾ ਨਾ ਸਿਰਫ਼ ਲੋਕ ਪੱਖੀ ਕਲਾਕਾਰਾਂ ਲਈ ਇੱਕ ਸ਼ਾਨਾਮੱਤੀ ਮਿਸਾਲ ਹੈ ਸਗੋਂ ਲੋਕ ਘੁਲਾਟੀਆਂ ਲਈ ਵੀ ਪ੍ਰੇਰਨਾ ਬਣ ਰਹੀ ਹੈ ਲੋਕ ਰੰਗਮੰਚ ਦੇ ਮੋਰਚੇ ਤੇ ਡਟੇ ਜੁਝਾਰ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਆਓ ਉਹਨਾਂ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਰੀਏ ਲੋਕ ਹੱਕਾਂ ਦੀ ਲਹਿਰ ਤੇ ਸਾਹਿਤ-ਕਲਾ ਦੇ ਰਿਸ਼ਤੇ ਨੂੰ ਹੋਰ ਗੂੜਾ ਕਰਦਿਆਂ ਨਵੇਂ ਸਮਾਜ ਦੀ ਉਸਾਰੀ ਲਈ ਚੱਲ ਰਹੇ ਸੰਗਰਾਮਾਂ ਦੇ ਕਾਫ਼ਲੇ ਨੂੰ ਹੋਰ ਤਕੜਾ ਕਰੀਏ
'ਅਜਮੇਰ ਔਲਖ ਜਨਤਕ ਸਲਾਮ ਤੇ ਸਨਮਾਨ ਮੁਹਿੰਮ' ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਖੇਤਰਾਂ ਵਿੱਚ ਸਾਹਿਤਕਾਰਾਂ, ਕਲਾਕਾਰਾਂ ਤੇ ਲੋਕ ਸੰਘਰਸ਼ਾਂ ਦੇ ਕਾਰਕੁੰਨਾਂ ਦੀਆਂ ਸਾਂਝੀਆਂ ਤਿਆਰੀ/ਸਮਰਥਨ ਕਮੇਟੀਆਂ ਹੋਂਦ ਵਿੱਚ ਚੁੱਕੀਆਂ ਹਨ ਤੇ ਨਾਟਕ ਸਮਾਗਮਾਂ, ਮੀਟਿੰਗਾਂ, ਰੈਲੀਆਂ ਮਾਰਚਾਂ ਦਾ ਸਿਲਸਿਲਾ ਛਿੜ ਚੁੱਕਿਆ ਹੈ ਆਪ ਸਭ ਨੂੰ ਇਸ ਮੁਹਿੰਮ ਵਿੱਚ ਵਧ ਚੜ ਕੇ ਯੋਗਦਾਨ ਪਾਉਣ ਦਾ ਸੱਦਾ ਹੈ

1 ਮਾਰਚ ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਮਾਨਸਾ) ਵਿਖੇ ਕਾਫ਼ਲੇ ਬੰਨ ਕੇ ਪਹੁੰਚੋ

No comments:

Post a Comment