StatCounter

Thursday, February 19, 2015

ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਨਮਾਨ - ਸਮਾਜ ਦੀ ਇਨਕਲਾਬੀ-ਕਾਇਆਪਲਟੀ ਲਈ ਸੁੱਲਖਣਾ ਕਦਮ


ਲੋਕ-ਪੱਖ ਦੇ ਉੱਘੇ-ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਨਮਾਨ
ਸਮਾਜ ਦੀ ਇਨਕਲਾਬੀ-ਕਾਇਆਪਲਟੀ ਲਈ ਸੁੱਲਖਣਾ ਕਦਮ
ਪ੍ਰਬੰਧਕ ਇਨਕਲਾਬੀ-ਜਮਹੂਰੀ ਸ਼ਕਤੀਆਂ ਦੀ ਪ੍ਰਸੰਸਾ ਤੇ ਸਮਰਥਨ

ਪਿਆਰੇ ਲੋਕੋ,

          ਤੁਸੀਂ,ਨਾਟ-ਵਿਧਾ ਰਾਹੀਂ ਲੋਕ-ਪੱਖ ਨਾਲ ਡਟ ਕੇ ਖੜਣ ਵਾਲੇ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਸਨਮਾਨ ਸਮਾਰੋਹ ਦੀ ਤਿਆਰੀ 'ਚ ਜੁਟੇ ਹੋਏ ਹੋ।ਇਸ ਸਮਾਰੋਹ ਦਾ ਸੁਨੇਹਾ ਲੋਕਾਂ ਤੱਕ ਲੈ ਕੇ ਜਾਣ ਵਿਚ ਵਾਹੋ ਦਾਹੀ ਲੱਗੇ ਹੋਏ ਹੋ। ਕਿਤੇ ਪੋਸਟਰ ਲਾ ਰਹੇ ਹੋ,ਕਿਤੇ ਸੱਦਾ ਦਿੰਦੇ ਬੈਨਰ ਟੰਗ ਰਹੇ ਹੋ,ਕਿਧਰੇ ਪਰਚੇ ਵੰਡ ਰਹੇ ਹੋ ਤੇ ਕਿਤੇ ਮੀਟਿੰਗਾਂ ਕਰ ਤੇ ਕਰਾ ਰਹੇ ਹੋ।ਅਸੀਂ ਤੁਹਾਡੀ ਇਸ ਤਿਆਰੀ-ਮੁਹਿੰਮ ਨੂੰ ਸਲਾਮ ਕਰਦੇ ਹਾਂ ਅਤੇ ਖੁਦ ਇਸ ਵਿਚ ਹਿੱਸਾ ਪਾਉਂਦੇ ਹਾਂ।

          ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ਸਾਹਿਤ ਤੇ ਕਲਾ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਇਹ ਸਨਮਾਨ-ਸਮਾਰੋਹ,ਇੱਕ ਸੁਲੱਖਣਾ ਕਦਮ ਹੈ।ਇਸ ਸਮਾਰੋਹ 'ਤੇ ਪ੍ਰੋ. ਸਾਹਿਬ ਦੀਆਂ ਕਿਰਤੀ-ਲੋਕਾਂ ਪੱਖੀ ਕਲਾ-ਕਿਰਤਾਂ ਨੂੰ,ਲੋਕ-ਜਮਹੂਰੀ ਹੱਕਾਂ ਦੀ ਪਹਿਰੇਦਾਰੀ ਨੂੰ ਅਤੇ ਜੀਵਨ-ਘਾਲਣਾ ਨੂੰ “ਭਾਈ ਲਾਲੋ ਕਲਾ ਸਨਮਾਨਂ ਨਾਲ ਸਤਿਕਾਰਿਆ ਜਾ ਰਿਹਾ ਹੈ।ਇਹ ਸਮਾਰੋਹ,ਸੰਘਰਸ਼ਾਂ ਦੇ ਅਤੇ ਸਾਹਿਤ-ਕਲਾ ਖੇਤਰ ਦੇ ਕਾਰਕੁੰਨਾਂ ਲਈ,ਸੰਘਰਸ਼ਾਂ ਅਤੇ ਸਾਹਿਤ-ਕਲਾ ਦੇ ਜੁੜਵੇਂ ਝੰਡੇ ਝੂਲਾਉਣ ਦਾ ਸਮਾਰੋਹ ਹੈ।ਸੰਘਰਸ਼ੀਲਾਂ ਅਤੇ ਸਾਹਿਤਕਾਰਾਂ-ਕਲਾਕਾਰਾਂ ਦੇ ਸਾਂਝੇ ਲੋਕ-ਕਾਜ਼ ਦੀ ਗਲਵੱਕੜੀ ਪਵਾਉਣ ਦਾ ਸਮਾਰੋਹ ਹੈ।ਲੋਕਾਂ ਦੇ ਦਰਦ ਹਰਣ ਦੀਆਂ ਮਿਲਵੀਆਂ ਸੋਚਾਂ-ਵਿਚਾਰਾਂ ਦਾ ਸਮਾਰੋਹ ਹੈ।ਨਾਹਰਿਆਂ ਦੀ ਗਰਜਣਾ, ਸੁਰਾਂ ਦੀ ਸੋਹਜਤਾ ਤੇ ਸ਼ਬਦਾਂ ਦੀ ਕੋਮਲਤਾ ਦੀ ਗੂੰਜ ਉਠਾਉਣ ਦਾ ਸਮਾਰੋਹ ਹੈ।ਇਉਂ ਇਹ ਸਮਾਰੋਹ,ਸਮਾਜ ਦੀ ਲੋਕ-ਪੱਖੀ ਇਨਕਲਾਬੀ ਕਾਇਆ ਪਲਟੀ ਵਿਚ ਨਿੱਗਰ ਕਦਮ ਸਾਬਤ ਹੋਵੇਗਾ।

        ਸਮਾਜ ਦੀ ਲੋਕ-ਪੱਖੀ ਇਨਕਲਾਬੀ ਕਾਇਆ ਪਲਟੀ,ਜਰੂਰੀ ਹੋਣ ਵਾਲਾ ਕੰਮ ਹੈ।ਮੁਲਕ ਦੀ ਜ਼ਮੀਨ ਤੇ ਪੂੰਜੀ ਵੱਡੇ ਜਾਗੀਰਦਾਰਾਂ,ਸਰਮਾਏਦਾਰਾਂ,ਉੱਚ ਅਫਸਰਸ਼ਾਹੀ ਤੇ ਸਾਮਰਾਜ ਦੇ ਜੋਕ-ਧੜੇ ਦੀ ਮੁੱਠੀ ਵਿਚ ਹੈ।ਸਮਾਜ ਵਿਚ ਧੱਕਾ-ਵਿਤਕਰਾ ਹੈ।ਲੁੱਟ ਤੇ ਦਾਬਾ ਹੈ।ਮੁਲਕ 'ਤੇ ਸਾਮਰਾਜੀ-ਜਾਗੀਰੂ ਜਕੜ ਜੱਫਾ ਹੈ।ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ, ਛੋਟੇ ਸਨਅਤਕਾਰਾਂ, ਮੁਲਾਜ਼ਮਾਂ,ਨੌਜਵਾਨਾਂ,ਵਿਦਿਆਰਥੀਆਂ,ਲੇਖਕਾਂ-ਕਲਾਕਾਰਾਂ,ਬੁਧੀਜੀਵੀਆਂ ਦੇ ਲੋਕ-ਧੜੇ ਤੋਂ ਸਭ ਕੁਝ ਖੋਹਿਆ ਜਾ ਰਿਹਾ ਹੈ।ਸ਼ਹੀਦ ਭਗਤ ਸਿੰਘ ਦੇ ਬੋਲ ਅੱਜ ਵੀ ਪੂਰੇ ਸੱਚ ਹਨ,“ਨੰਗੇ ਅਨਿਆਂ 'ਤੇ ਟਿਕਿਆ ਢਾਂਚਾ ਮੁੱਢੋ ਸੁੱਢੋ ਬਦਲਣਾ ਹੈ।" ਅੱਜ ਫਿਰ ਸਭ ਉਹੀ ਹੋ ਰਿਹਾ ਹੈ। ਮੁਲਕ ਦੇ ਹਾਕਮਾਂ ਵੱਲੋਂ, ਆਜ਼ਾਦੀ, ਜਮਹੂਰੀਅਤ,ਲੋਕ-ਭਲਾਈ ਤੇ ਸੇਵਾਵਾਂ ਦੇ ਛਲਾਵੇ ਦਾ ਕੱਢਿਆ ਘੁੰਡ ਚੱਕ ਦਿਤਾ ਗਿਆ ਹੈ।ਨੰਗੇ-ਝਾਟੇ ਮੁਲਕ ਦੇ ਮਾਲ-ਖਜ਼ਾਨਿਆਂ ਦੇ ਬੂਹੇ ਵੱਡੇ ਦੇਸੀ ਬਦੇਸ਼ੀ ਧਨ-ਲੁਟੇਰਿਆਂ ਮੂਹਰੇ ਛਪੱਟ ਖੋਲ ਰੱਖੇ ਹਨ।ਹਾਕਾਂ ਮਾਰ ਮਾਰ “ਮੇਕ ਇਨ ਇੰਡੀਆ"(ਭਾਰਤ ਲੁੱਟਣ) ਦੇ ਸੱਦੇ ਦਿਤੇ ਜਾ ਰਹੇ ਹਨ।ਮੁਲਕ ਦੇ ਕਾਨੂੰਨ ਉਹਨਾਂ ਦੇ ਹਿਤਾਂ ਮੂਜਬ ਢਾਲੇ ਜਾ ਰਹੇ ਹਨ।ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਨੀਤੀਆਂ ਘੜੀਆਂ ਜਾ ਰਹੀਆਂ ਹਨ।ਉਹਨਾਂ ਲਈ ਲੁੱਟ ਦੇ ਰਾਹ ਵਿਚਲੇ ਨਿੱਕੇ-ਛੋਟੇ ਅੜਿੱਕੇ ਵੀ ਹਟਾਏ ਜਾ ਰਹੇ ਹਨ।ਉਹਨਾਂ ਦੇ ਹਿੱਤ ਪੂਰਨ ਦੀ ਕਾਹਲੀ ਵਿਚ ਜਾਬਰ ਆਰਡੀਨੈਂਸ ਲਿਆਂਦੇ ਜਾ ਰਹੇ ਹਨ।ਲੋਕ ਸੰਘਰਸ਼ਾਂ ਦੀ ਸੰਘੀ ਨੱਪਣ ਲਈ ਧੱਕੜ ਕਾਲੇ ਕਾਨੂੰਨ ਘੜੇ ਤੇ ਮੜੇ ਜਾ ਰਹੇ ਹਨ।ਲੋਕਾਂ ਲਈ ਚੋਣ-ਵਾਅਦੇ ਲੀਡਰਾਂ ਦੇ ਜ਼ੁਮਲੇ ਕਹੇ ਜਾ ਰਹੇ ਹਨ।ਨਿੱਜੀਕਰਨ ਤੇ ਨਿਗਮੀਕਰਨ ਦਾ ਕੁਹਾੜਾ ਤੇਜ਼ੀ ਨਾਲ ਵਾਹਿਆ ਜਾ ਰਿਹਾ ਹੈ।ਸਿੱਖਿਆ,ਸੇਹਤ,ਸੜਕਾਂ,ਬਿਜਲੀ,ਪਾਣੀ,ਜ਼ਮੀਨਾਂ,ਨੌਕਰੀਆਂ ਸਭ ਖੋਹੀਆਂ ਜਾ ਰਹੀਆਂ ਹਨ।ਵਿਚਾਰ-ਪ੍ਰਗਟਾਵੇ ਤੇ ਰੋਸ-ਪ੍ਰਗਟਾਵੇ ਦੇ ਜਮਹੂਰੀ ਹੱਕ ਖੋਹੇ ਜਾ ਰਹੇ ਹਨ। “ਖਾਓ-ਪੀਓ,ਐਸ਼ ਕਰੋਂ ਦੇ ਲੋਕ-ਦੋਖੀ ਸਭਿਆਚਾਰ ਨੂੰ ਹੱਲਾਸ਼ੇਰੀ ਦਿਤੀ ਜਾ ਰਹੀ ਹੈ।ਧਨ-ਦੌਲਤ ਕਮਾਉਣ ਤੇ ਵਧਾਉਣ ਲਈ ਨਸ਼ਿਆਂ ਦਾ ਵਪਾਰ ਕੀਤਾ ਜਾ ਰਿਹਾ ਹੈ।ਜੁਆਨੀ ਨੂੰ ਮੌਤ ਦੇ ਮੂੰਹ ਧੱਕਿਆ ਜਾ ਰਿਹਾ ਹੈ।ਲੋਕਾਂ ਦੇ ਹਰ ਹਿੱਸੇ ਦਾ ਜਿਉਣਾ ਦੁੱਭਰ ਬਣਾਇਆ ਜਾ ਰਿਹਾ ਹੈ।ਹਾਕਮਾਂ ਵੱਲੋਂ ਇਹ ਸਭ “ ਵਿਕਾਸ" ਦੇ ਨਾਂਅ ਹੇਠ ਕੀਤਾ ਜਾ ਰਿਹਾ ਹੈ।

          ਹਕੂਮਤੀ-ਕੁਰਸੀ ਲਈ ਹਾਕਮ-ਗੁੱਟ ਭਾਵੇਂ ਆਪੋ ਵਿਚੀ ਕਾਟੋ ਕਲੇਸ਼ ਵਿਚ ਉਲਝੇ ਹੋਏ ਹਨ,ਤਾਂ ਵੀ, ਲੋਕਾਂ ਨੂੰ ਲੁੱਟਣ ਤੇ ਕੁੱਟਣ ਵਿਚ ਸਭ ਹੱਦਾਂ ਬੰਨੇ ਟੱਪ ਰਹੇ ਹਨ।ਹਕੂਮਤੀ ਨੀਤੀਆਂ ਕਾਰਨ ਪੈਦਾ ਹੋਏ ਆਰਥਿਕ ਸੰਕਟ ਦਾ ਸਾਰਾ ਬੋਝ ਲੋਕਾਂ 'ਤੇ ਲੱਦ ਦੇਣ ਲਈ ਆਰਥਿਕ-ਧਾਵੇ ਨੂੰ ਮੁਲਕ ਦੇ ਹਰ ਖੇਤਰ ਤੇ ਹਰ ਖੱਲ-ਖੂੰਜੇ ਤੱਕ ਵਧਾਉਣ ਲਈ ਫੌਜੀ-ਹੱਲੇ ਦੇ ਨਾਲ ਨਾਲ,ਲੋਕਾਂ ਦੀ ਸੁਰਤੀ ਭਟਕਾਉਣ,ਪਾਟਕ ਪਾਉਣ ਅਤੇ ਲੁੱਟ ਤੇ ਦਾਬੇ ਦੇ ਜ਼ਾਲਮ-ਰਾਜ ਨੂੰ ਸਦਾ ਸਦਾ ਬਣਿਆ ਰੱਖਣ ਲਈ ਫਿਰਕਾਪ੍ਰਸਤੀ ਦੇ ਦੈਂਤ ਨੂੰ ਖੁੱਲਾ ਛੱਡ ਰਹੇ ਹਨ।ਪਰ ਇਹ ਹਾਲਤ,ਲੋਕਾਂ ਵਿਚ ਹਾਕਮਾਂ ਪ੍ਰਤੀ ਬੇਰੁਖੀ,ਬੇਚੈਨੀ ਤੇ ਔਖ ਵਧਾ ਰਹੀ ਹੈ। ਜੋਕਾਂ ਤੇ ਲੋਕਾਂ 'ਚ ਭੇੜ ਵਧ ਰਿਹਾ ਹੈ।ਲੋਕਾਂ ਵਿਚ ਇਹਨਾਂ ਤੋਂ ਖਹਿੜਾ ਛਡਾਉਣ ਦੀ ਤਾਂਘ ਵਧ ਰਹੀ ਹੈ। ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੀ ਸੋਝੀ ਤੇ ਲੋੜ ਵਧ ਰਹੀ ਹੈ।

         ਸਮਾਜ ਦੀ ਕਾਇਆ ਪਲਟੀ ਏਸੇ ਭੇੜ ਨੇ ਕਰਨੀ ਹੈ।ਇਸ ਭੇੜ ਦੀ ਸਫਲਤਾ ਵਿਚ ਜਿਥੇ ਸੰਘਰਸ਼ਾਂ ਦੀ ਲਹਿਰ ਨੇ ਮੋਹਰੀ ਰੋਲ ਨਿਭਾਉਣਾ ਹੈ, ਉਥੇ,ਸਾਹਿਤ ਤੇ ਕਲਾ ਖੇਤਰ ਦੀ ਲੋਕ-ਪੱਖੀ ਲਹਿਰ ਨੇ ਆਪਣਾ ਬਣਦਾ ਅਹਿਮ ਹਿੱਸਾ ਪਾਉਣਾ ਹੈ।ਇਸ ਦਾ ਰੋਲ ਸਿਰਫ ਜਥੇਬੰਦੀ ਦਾ ਬਾਨਣੂੰ ਬੰਨਣ ਜਾਂ ਸੰਘਰਸ਼ ਦਾ ਵਿੱਢ ਵਿੱਢਣ ਲਈ ਕੱਠ ਵਧਾਉਣ ਤੇ ਬੁਲਾਰੇ ਨੂੰ ਸੁਣੇ ਜਾਣ ਦਾ ਰੌਂਅ ਬਣਾਉਣ ਤੱਕ ਹੀ ਸੀਮਤ ਨਹੀਂ ਹੈ।ਸਾਹਿਤ ਤੇ ਕਲਾ ਖੇਤਰ ਦੀ ਲਹਿਰ,ਲੋਕ-ਦਰਦਾਂ ਦੀ ਦਰਦੀ ਬਣ ਸਮਾਜ ਦੀ ਕਾਇਆ ਪਲਟੀ ਵਿਚ ਵੱਡਾ ਰੋਲ ਦਿੰਦੀ ਹੈ।ਲੈਅਮਈ ਤੇ ਕਲਾਮਈ ਲਹਿਜੇ 'ਚ ਕਹੀ-ਕੀਤੀ ਗੁੰਝਲਦਾਰ ਤੇ ਕਰੜੀ ਗੱਲ, ਕੋਮਲਤਾ ਨਾਲ ਅਛੋਪਲੇ ਜਿਹੇ ਦਰਸ਼ਕਾਂ,ਸਰੋਤਿਆਂ,ਪਾਠਕਾਂ ਦੇ ਮਨਾਂ ਅੰਦਰ ਡੂੰਘੀ ਉਤਰ ਜਾਂਦੀ ਹੈ ਅਤੇ ਲੋਕ ਮਨਾਂ ਦੀਆਂ ਧੁਰ ਗਹਿਰਾਈਆਂ ਵਿਚ ਰਮ-ਰਚ ਕੇ,ਸੁੱਤੀਆਂ ਕਲਾਂ ਜਗਾਉਣ,ਆਪਣੇ-ਪਰਾਏ ਦੀ ਸੋਝੀ ਦੇਣ ਤੇ ਉਂਗਲੀ ਫੜ ਸੰਘਰਸ਼ਾਂ ਦੇ ਸਵੱਲੜੇ ਰਾਹ ਦਾ ਰਾਹੀ ਬਣਾ ਜਾਂਦੀ ਹੈ।ਕਲਾ ਦੇ ਰੰਗ ਵਿਚ ਰੰਗੀ ਗੱਲ,ਲੋਕ-ਹਿੱਸਿਆਂ ਦੀਆਂ ਉਹਨਾਂ ਤਹਿਆਂ ਦੇ ਮਨਾਂ 'ਚ ਗਹਿਰਾ ਅਸਰ ਪਾਉਂਦੀ ਹੈ,ਜਿਹਨਾਂ ਦੇ ਮਨਾਂ ਨੂੰ ਬੁਲਾਰੇ ਦੇ ਬੋਲ ਛੂਹ ਨਹੀਂ ਪਾਉਂਦੇ।ਇੱਕ ਵੇਲਾ ਅਜਿਹਾ ਵੀ ਆਉਂਦਾ ਹੈ, ਜਦੋਂ ਹਾਕਮ ਨਿਸ਼ੰਗ ਤਾਨਾਸ਼ਾਹੀ ਥੋਪ ਕੇ ਸੰਘਰਸ਼ਾਂ ਦੀ ਮੁਕੰਮਲ ਜ਼ਬਾਨਬੰਦੀ ਕਰਨ 'ਤੇ ਤੁਲ ਜਾਂਦੇ ਹਨ ਤਾਂ ਇਹ ਸਾਹਿਤ ਤੇ ਕਲਾ ਦਾ ਰੋਲ ਵੱਡਾ ਮਹੱਤਵ ਅਖਤਿਆਰ ਕਰ ਜਾਂਦਾ ਹੈ।

           ਪੁਰਾਣੇ ਵੇਲੇ ਏਸੇ ਸੱਚ ਨੂੰ ਸਾਹਮਣੇ ਲਿਆਉਂਦੇ ਹਨ।ਜੋਕਾਂ ਤੇ ਲੋਕਾਂ ਦੇ ਭੇੜ ਦੇ ਹਰ ਦੌਰ ਅੰਦਰ ਸਾਹਿਤ ਤੇ ਕਲਾ ਨੇ ਅਹਿਮ ਭੂਮਿਕਾ ਨਿਭਾਈ ਹੈ।ਬਾਬੇ ਨਾਨਕ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਨੇ ਆਪਣੇ ਸਮੇਂ ਅੰਦਰ ਅੰਧ-ਵਿਸ਼ਵਾਸੀ ਦੇ ਗਿਲਾਫ ਪਾੜਣ ਅਤੇ ਜਬਰ-ਜ਼ੁਲਮ ਨਾਲ ਭਿੜਣ ਵਿਚ ਆਵਦੀ ਸਾਹਿਤਕ-ਤਾਕਤ ਦੇ ਕ੍ਰਿਸ਼ਮੇ ਵਿਖਾਏ ਹਨ।ਗਦਰ-ਲਹਿਰ ਦੀ ਕਵਿਤਾ ਨੇ ਮੁਲਕ 'ਚੋਂ ਬਰਤਾਨਵੀ-ਸਾਮਰਾਜ ਦੀ ਜੜ੍ਹ ਪੱਟਣ 'ਚ ਆਪਣਾ ਯੋਗਦਾਨ ਪਾਇਆ ਹੈ।ਨਾਟਕਾਂ ਦੀ ਲਹਿਰ(ਇਪਟਾ) ਨੇ ਲੋਕਾਂ ਨੂੰ ਆਵਦੇ ਹੱਕਾਂ ਲਈ ਜਾਗੋ ਦਾ ਹੋਕਾ ਘਰ ਘਰ ਪਹੁੰਚਾਉਣ ਦਾ ਕੰਮ ਕੀਤਾ ਹੈ।ਏਸੇ ਨੂੰ ਲੋਕ_ਪੱਖੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨੇ ਅੱਗੇ ਵਧਾਇਆ ਸੀ ਤੇ ਜਿਸ ਨੂੰ ਹੁਣ ਪ੍ਰੋ. ਔਲਖ ਜੀ ਜਾਰੀ ਰੱਖ ਰਹੇ ਹਨ।ਰੂਸ ਤੇ ਚੀਨ ਦੇ ਇਨਕਲਾਬੀ ਸਾਹਿਤ,ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ, ਅਵਤਾਰ ਪਾਸ਼ ਦੀਆਂ ਕਵਿਤਾਵਾਂ ਅਤੇ ਝੱਖੜ,ਰਾਤ ਬਾਕੀ ਹੈ ਤੇ ਲਹੂ ਦੀ ਲੋਅ ਵਰਗੇ ਨਾਵਲਾਂ ਨੇ ਇਨਕਲਾਬੀ ਲਹਿਰ ਦਾ ਪ੍ਰਚਾਰ-ਪ੍ਰਸਾਰ ਵਿਚ ਹੱਥ ਵਟਾਇਆ ਹੈ।

           ਹਾਕਮਾਂ ਨੂੰ ਵੀ ਇਸ ਦਾ ਇਲਮ ਹੈ।ਲੋਕ-ਪੱਖੀ ਸਾਹਿਤ ਤੇ ਕਲਾ ਨੂੰ ਉਹ ਆਵਦੇ ਰਾਜ-ਭਾਗ ਲਈ ਅੱਖ ਦਾ ਰੋੜ ਮੰਨਦੇ ਹਨ।ਏਸੇ ਕਰਕੇ ਉਹ ਖੁਦ ਆਵਦੇ ਸਾਹਿਤ ਦੀ ਸਿਰਜਣਾ ਕਰਵਾਉਂਦੇ ਹਨ ਤੇ ਇਸ ਦੀ ਰੱਜ ਕੇ ਵਰਤੋਂ ਕਰਦੇ ਹਨ।ਆਵਦੇ ਤੇ ਆਵਦੇ ਰਾਜ ਦੇ ਸੋਹਲੇ ਗਵਾਉਣ ਲਈ ਦਰਬਾਰੀ-ਗਵੱਈਏ ਤੇ ਨਾਚੇ ਰਖੱਦੇ ਹਨ।ਵੱਡੀਆਂ,ਵੱਡੀਆਂ ਇਨਾਮ-ਰਾਸ਼ੀਆਂ ਨਾਲ ਨਿੱਘੇ-ਨਰਮ ਸ਼ਾਲਾਂ ਦੀ ਬੁੱਕਲ ਮਾਰ ਆਵਦੇ ਸੁਨਿਹਰੀ ਪਿੰਜਰੇ ਦਾ ਤੋਤਾ ਬਣਾ ਕਲਾ ਨੂੰ ਮੁੱਠੀ 'ਚ ਕਰ ਲੈਂਦੇ ਹਨ।ਵਪਾਰ ਵਧਾਉਣ ਦੀ ਦੌੜ ਵਿਚ ਖੁੱਲ ਕੇ ਕਲਾਬਾਜ਼ੀਆਂ ਦੀ ਵਰਤੋਂ ਕਰਦੇ ਹਨ।ਸਾਹਿਤ ਤੇ ਕਲਾ ਦੀ ਲੋਕ-ਪੱਖੀ ਧਾਰਾ ਦੇ ਕਵੀਆਂ ਤੇ ਕਲਾਕਾਰਾਂ ਦੇ ਕਤਲ ਕਰਵਾਉਂਦੇ ਹਨ ਤੇ ਜੇਲਾਂ 'ਚ ਡੱਕਦੇ ਹਨ।

      ਜੋਕਾਂ ਤੇ ਲੋਕਾਂ ਦੇ ਇਸ ਭੇੜ ਵਿਚ,ਕਲਾ ਲੋਕਾਂ ਦੀ ਮੁਕਤੀ ਲੇਖੇ ਲਾਉਣ ਲਈ ਆਵਦੇ ਨਾਟ-ਕਲਾ ਦੇ ਅਮਲੇ-ਫੈਲੇ ਸਮੇਤ ਲੋਕਾਂ ਦੇ ਧੜੇ ਵਾਲੇ ਪਾਸੇ ਖੜਾ, ਪ੍ਰੋ. ਅਜਮੇਰ ਸਿੰਘ ਔਲਖ,ਸਿਹਤ ਦੀ ਕਮਜ਼ੋਰੀ ਦੀ ਹਾਲਤ ਵਿਚ ਵੀ ਪੈਰ ਗੱਡੀ ਖੜਾ ਹੈ। ਪ੍ਰੋ.ਸਾਹਿਬ,ਪੁਰਾਣੀਆਂ-ਰੂੜੀਵਾਦੀ ਕਦਰਾਂ-ਕੀਮਤਾਂ,ਪਿਛਾਖੜੀ-ਸੋਚਾਂ,ਜਾਤ-ਪ੍ਰਬੰਧ,ਜਾਗੀਰੂ-ਚੌਧਰ ਅਤੇ ਸਾਮਰਾਜੀ-ਲੁੱਟ ਨੂੰ ਆਵਦੇ ਨਾਟ-ਤੀਰਾਂ ਦੀ ਮਾਰ ਹੇਠ ਲਿਆਉਂਦੇ ਹਨ।ਆਵਦੀ ਨਾਟ-ਕਲਾ ਰਾਹੀਂ ਔਰਤ ਬਰਾਬਰੀ ਦੇ ਹੱਕ 'ਚ ਆਵਾਜ ਉਠਾਉਂਦੇ ਹਨ।ਫਿਰਕਾਪ੍ਰਸਤੀ ਨੂੰ ਆਵਦੇ ਨਾਟ-ਨਿਸ਼ਾਨੇ ਨਾਲ ਫੁੰਡ ਧਰਦੇ ਹਨ।ਬਰਾਬਰੀ ਵਾਲੇ ਸਮਾਜ ਦੀ ਉਸਾਰੀ ਉਹਨਾਂ ਦੇ ਨਾਟਕਾਂ ਦਾ ਉਭਰਵਾਂ ਪੱਖ ਹੁੰਦਾ ਹੈ।ਨਾਟਕਾਂ ਦੀ ਸਟੇਂ ਤੋਂ ਅੱਗੇ ਵਧ, ਉਹ ਜਲ,ਜੰਗਲ,ਜ਼ਮੀਨ ਦੀ ਰਾਖੀ ਲਈ ਲੜ ਰਹੇ ਆਦਿਵਾਸੀ ਲੋਕਾਂ ਉੱਤੇ ਹਕੂਮਤ ਵੱਲੋਂ “ ਅਪਰੇਸ਼ਨ ਗਰੀਨ ਹੰਟ" ਦੇ ਨਾਂ ਓਹਲੇ ਕੀਤੇ ਜਾ ਰਹੇ ਅੰਨੇ ਜਬਰ ਵਿਰੁੱਧ ਬਣੇ ਫਰੰਟ ਵਿਚ ਆ ਸਰਗਰਮ ਹੋਏ ਹਨ।ਜਮਹੂਰੀ ਅਧਿਕਾਰ ਸਭਾ ਪੰਜਾਬ, ਦੇ ਪ੍ਰਧਾਨ ਬਣ ਜਮਹੂਰੀ ਹੱਕਾਂ ਦਾ ਝੰਡਾ ਚੱਕ ਤੁਰੇ ਹਨ।


ਲੋਕ ਮੋਰਚਾ ਪੰਜਾਬ, ਪ੍ਰੋ. ਔਲਖ ਜੀ ਦੇ ਸਨਮਾਨ ਸਮਾਰੋਹ ਉੱਤੇ ਲੋਕ-ਲਹਿਰ ਤੇ ਲੋਕ-ਕਲਾ ਦੀ ਪੈ ਰਹੀ ਜੋਟੀ ਨੂੰ ਸਮਾਜ ਦੀ ਇਨਕਲਾਬੀ ਕਾਇਆ-ਪਲਟੀ ਵਿਚ ਮਹੱਤਵਪੂਰਨ ਕਾਰਜ ਸਮਝਦਾ ਹੈ।ਮੋਰਚਾ,ਇਹ ਕਾਰਜ ਕਰਨ ਦਾ ਆਪਣਾ ਬਣਦਾ ਫਰਜ਼ ਅਦਾ ਕਰ ਰਹੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਮੋਰਚਾ,ਇਸ ਕਾਰਜ ਦੀ ਪ੍ਰਸੰਸਾ ਕਰਦਾ ਹੈ ਤੇ ਇਸ ਕਾਰਜ ਦਾ ਸਮਰਥਨ ਕਰਦਾ ਹੈ ਅਤੇ ਆਪਣੇ ਪਿਆਰੇ ਲੋਕਾਂ ਨੂੰ ਇਸ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹੈ।(14.02.2015)

ਵੱਲੋਂ; ਸੂਬਾ ਕਮੇਟੀ ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ: ਜਗਮੇਲ ਸਿੰਘ  ਜਨਰਲ ਸਕੱਤਰ (ਮੋਬਾ. 94172 24822)  
           

                                 

No comments:

Post a Comment