StatCounter

Saturday, February 20, 2010

ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ


ਲੋਕ-ਸੰਗਰਾਮਾਂ ਦੀ ਸੂਹੀ ਲਾਟ ਹੋਰ ਉੱਚੀ ਕਰੋ

Sadhu Singh Takhtupura, Organizing Secretary of Bharti Kisan Union Ekta (Ugrahan), a relentless fighter for the cause of peasants, was brutally murdered on February 16, 2010, at village Bhindi Saidan in Amritsar District, Punjab.

ਲੋਕ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਥੇਬੰਦਕ ਸਕੱਤਰ ਸਾਥੀ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਾ ਹੈ। ਸਾਥੀ ਸਾਧੂ ਸਿੰਘ ਕਿਸਾਨਾਂ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਸਿਰ ਕੱਢ ਆਗੂ ਸਨ। ਉਨ੍ਹਾਂ ਆਪਣੀ ਸਾਰੀ ਜਿੰਦਗੀ ਲੋਕਾਂ ਦੇ ਲੇਖੇ ਲਾਈ।ਕਿਸਾਨੀ ਦੀ ਲਹਿਰ ਨੂੰ ਖੇਤ ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ ਅਤੇ ਸਮਾਜ ਦੇ ਹੋਰ ਦੱਬੇ ਕੁਚਲੇ ਵਰਗਾਂ ਨਾਲ ਜੋੜਨ 'ਚ ਉਨ੍ਹਾਂ ਦਾ ਮਹਤੱਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਅਣਥੱਕ ਮਿਹਨਤ ਕਰਦਿਆਂ, ਪੂਰੀ ਸ਼ਿੱਦਤ ਨਾਲ ਇਹ ਗੱਲ ਸਮਝਾਈ ਕਿ ਖੇਤੀ ਖੇਤਰ ਦੀ ਮੰਦਹਾਲੀ; ਕਰਜਿਆਂ ਦੀ ਮਾਰ ਹੇਠ ਹੋ ਰਹੀਆਂ ਖੁਦਕੁਸ਼ੀਆਂ; ਸੂਦਖੋਰ ਅਤੇ ਠੱਗ ਆੜ੍ਹਤੀਆਂ, ਬੈਂਕ-ਅਧਿਕਾਰੀਆਂ ਆਦਿ ਵਲੋਂ ਕਰਵਾਈਆਂ ਜਾਂਦੀਆਂ ਜਮੀਨਾਂ ਦੀਆਂ ਕੁਰਕੀਆਂ, ਮੰਡੀਆਂ 'ਚ ਰੁਲਦੀਆਂ ਪੁੱਤਾਂ-ਧੀਆਂ ਵਾਗੂੰ ਪਾਲੀਆਂ ਫ਼ਸਲਾਂ; ਸਾਮਰਾਜੀ ਕੰਪਨੀਆਂ ਵਲੋਂ ਰੇਹ-ਸਪਰੇਅ ਅਤੇ ਬੀਜਾਂ ਦੇ ਵਪਾਰ 'ਤੇ ਮਕੜ-ਜਾਲ ਕਾਇਮ ਕਰਕੇ ਕੀਤੀ ਜਾਂਦੀ ਅੰਨ੍ਹੀ ਲੁੱਟ; ਵਿਕਾਸ ਪ੍ਰਜੈਕਟਾਂ ਅਤੇ ਸਨਅਤੀਕਰਨ ਦੇ ਬਹਾਨਿਆਂ ਹੇਠ ਕਿਸਾਨਾਂ ਤੋਂ ਜਬਰੀ ਜਮੀਨਾਂ ਖੋਹਣਾ; ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਵਸੋਂ ਬਾਹਰ ਹੋ ਰਹੀਆਂ ਸਿਹਤ, ਵਿਦਿਅਕ ਅਤੇ ਹੋਰ ਸਮਾਜਕ ਸਹੂਲਤਾਂ ਆਦਿ, ਸਾਰੀਆਂ ਬਿਮਾਰੀਆਂ ਦੀ ਜੜ੍ਹ ਇਸ ਆਪਾਸ਼ਾਹ, ਧੱਕੜ, ਗੈਰ-ਜਮਹੂਰੀ ਅਤੇ ਲੁੱਟ ਜਬਰ 'ਤੇ ਅਧਾਰਤ ਸਿਆਸੀ ਆਰਥਕ ਨਿਜ਼ਾਮ 'ਚ ਪਈ ਹੈ ਜੋ ਮੁੱਠੀ ਭਰ ਦੇਸੀ-ਬਦੇਸੀ ਪੂੰਜੀਪਤੀਆਂ, ਵੱਡੇ ਜਗੀਰਦਾਰਾਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਆਪਹੁਦਰੇ ਹਾਕਮਾਂ ਦੇ ਹਿੱਤਾਂ ਦੀ ਹੀ ਪੈਰਵੀ ਕਰਦਾ ਹੈ ਅਤੇ ਕਰੋੜਾਂ ਕਿਸਾਨਾਂ, ਖ਼ੇਤ-ਮਜ਼ਦੂਰਾਂ, ਸਨਅਤੀ ਕਾਮਿਆਂ, ਕਬਾਇਲੀਆਂ, ਮੁਲਾਜ਼ਮਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਜਿਸ ਨੂੰ ਭੋਰਾ ਭਰ ਵੀ ਪ੍ਰਵਾਹ ਨਹੀਂ। ਪਾਰਲੀਮਾਨੀ ਅਤੇ ਅਸੈਂਬਲੀ ਚੋਣਾਂ ਦੇ ਮੌਕੇ ਜਦੋਂ ਹਾਕਮ ਧਿਰਾਂ ਦੀਆਂ ਪਾਰਟੀਆਂ ਗੱਦੀਆਂ ਦੀ ਖੋਹਾ-ਖਿੰਝੀ ਲਈ ਲੋਕਾਂ ਦੇ ਅੱਖੀਂ ਘੱਟਾ ਪਾਉਣ 'ਚ ਜੁਟੀਆਂ ਹੋਈਆਂ ਹੁੰਦੀਆਂ ਸਨ ਤਾਂ ਸਾਧੂ ਸਿੰਘ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੇ ਸੁਪਨਿਆਂ 'ਤੇ ਅਧਾਰਤ ਲੁੱਟ-ਜਬਰ ਰਹਿਤ ਖਰਾ ਜਮਹੂਰੀ ਸਮਾਜ ਸਿਰਜਣ ਲਈ ਪ੍ਰੇਰ ਰਿਹਾ ਹੁੰਦਾ ਸੀ।

ਸਾਥੀ ਸਾਧੂ ਸਿੰਘ ਤਖਤੂਪੁਰਾ ਜਿੱਥੇ ਲੋਕ ਹਿਤਾਂ ਦੀ ਅਣਥੱਕ ਪਹਿਰੇਦਾਰੀ ਸਦਕਾ ਉਨ੍ਹਾਂ ਦੇ ਅਥਾਹ ਪਿਆਰ ਤੇ ਸਤਕਾਰ ਦਾ ਪਾਤਰ ਰਿਹਾ, ਉਥੇ ਲੁਟੇਰੇ ਹਾਕਮਾਂ ਦੀਆਂ ਅੱਖਾਂ 'ਚ ਉਹ ਰੋੜ ਬਣਕੇ ਚੁਭਦਾ ਰਿਹਾ। ਹਾਕਮਾਂ ਦੀਆਂ ਵੱਖ ਵੱਖ ਧਿਰਾਂ ਨੇ ਸਮੇਂ ਸਮੇਂ ਉਹਨੂੰ ਚੁੱਪ ਕਰਵਾਉਣ ਲਈ ਦਬਸ਼, ਜਬਰ ਅਤੇ ਤਸ਼ਦੱਦ ਦਾ ਸਹਾਰਾ ਲਿਆ। ਸਾਥੀ ਸਾਧੂ ਸਿੰਘ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਕਬੂਲਦਿਆਂ ਆਵਦੇ ਰਾਹ 'ਤੇ ਅਡੋਲ ਚਲਦਾ ਰਿਹਾ।

ਸਾਥੀ ਸਾਧੂ ਸਿੰਘ ਜਿੰਦਗੀ ਦੇ ਅੰਤਮ ਪਲਾਂ ਤੱਕ ਲੋਕ ਹਿੱਤਾਂ ਲਈ ਜੂਝਦਾ ਰਿਹਾ ਅਤੇ ਇਸੇ ਜੰਗ 'ਚ ਹੀ ਉਸਨੇ ਆਪਣੀ ਜਿੰਦਗੀ ਦੀ ਸਰਵਉੱਚ ਕੁਰਬਾਨੀ ਦਿੱਤੀ। ਸਰਹੱਦੀ ਇਲਾਕੇ 'ਚ ਆਬਾਦਕਾਰਾਂ ਨੂੰ ਜਮੀਨ ਦੀ ਮਾਲਕੀ ਦੇ ਹੱਕ ਦਿੱਤੇ ਜਾਣ ਲਈ ਸੰਘਰਸ਼ ਦੌਰਾਨ ਸਰਕਾਰੀ ਛਤਰਛਾਇਆ 'ਚ ਪਲ ਰਹੇ ਇੱਕ ਮਾਫ਼ੀਆ ਗੱਠ-ਜੋੜ, ਜਿਸਦੀ ਅਗਵਾਈ ਬਾਦਲ ਅਕਾਲੀ ਦਲ ਦਾ ਇੱਕ ਸਾਬਕਾ ਵਿਧਾਇਕ ਕਰ ਰਿਹਾ ਸੀ ਅਤੇ ਜਿਸ ਵਿੱਚ ਇਲਾਕੇ ਦੇ ਕੁਝ ਸਥਾਨਕ ਘੜੰਮ ਚੌਧਰੀ, ਲੁਟੇਰੇ ਅਤੇ ਜਾਬਰ ਪੁਲਿਸ ਅਫ਼ਸਰ ਅਤੇ ਗੁੰਡਾ ਗਰੋਹ ਸ਼ਾਮਲ ਸਨ, ਗਰੀਬ ਕਿਸਾਨਾਂ ਨੂੰ ਇਹਨਾਂ ਜਮੀਨਾਂ ਤੋਂ ਵਿਰਵਿਆਂ ਕਰਨ 'ਤੇ ਤੁਲਿਆ ਹੋਇਆ ਸੀ।

ਕਿਸਾਨਾਂ ਨੂੰ ਆਪਣੇ ਹੱਕਾਂ ਲਈ ਅਤੇ ਲੁੱਟ-ਜਬਰ ਦੇ ਖਿਲਾਫ਼ ਜਥੇਬੰਦ ਕਰ ਰਹੀ ਅਤੇ ਇਸ ਲਾਮਬੰਦੀ ਦੇ ਸਿਰ 'ਤੇ ਸ਼ਾਨਦਾਰ ਮੁੱਢਲੀਆਂ ਜਿੱਤਾਂ ਹਾਸਲ ਕਰ ਚੁੱਕੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਇਸ ਗੱਠਜੋੜ ਨੂੰ ਸੂਲਾਂ ਵਾਂਗ ਚੁੱਭ ਰਹੇ ਸਨ। 16 ਫ਼ਰਵਰੀ ਨੂੰ ਇਸ ਗ੍ਰੋਹ ਨੇ ਘਾਤ ਲਾ ਕੇ ਹਮਲਾ ਕੀਤਾ ਅਤੇ ਸਾਥੀ ਸਾਧੂ ਸਿੰਘ ਨੂੰ ਸ਼ਹੀਦ ਕਰ ਦਿੱਤਾ।

ਲੋਕ ਮੋਰਚਾ ਪੰਜਾਬ ਸਾਥੀ ਸਾਧੂ ਸਿੰਘ ਦੀ ਲਾਮਿਸਾਲ ਜ਼ਿੰਦਗੀ, ਉਸਦਾ ਨੌਜਵਾਨ ਭਾਰਤ ਸਭਾ, ਬੇਰੁਜ਼ਗਾਰ ਅਧਿਆਪਕ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਕਿਸਾਨ ਅਤੇ ਲੋਕ-ਆਗੂ ਤੱਕ ਦੇ ਸਫਰ ਅਤੇ ਸ਼ਹਾਦਤ ਨੂੰ ਸੁਰਖ਼ ਸ਼ਰਧਾਂਜਲੀ ਭੇਂਟ ਕਰਦਾ ਹੈ। ਸਾਨੂੰ ਪੱਕਾ ਵਿਸ਼ਵਾਸ ਹੈ ਕਿ ਲੁੱਟ ਜਬਰ ਦਾ ਸ਼ਿਕਾਰ ਪੰਜਾਬ ਦੇ ਉਹ ਲੋਕ, ਜਿਨ੍ਹਾਂ ਦੇ ਲੇਖੇ ਸਾਧੂ ਸਿੰਘ ਨੇ ਆਪਣੀ ਸਾਰੀ ਜਿੰਦਗੀ ਲਾਈ, ਉਹ ਕਾਤਲਾਂ ਦੀ ਚੁਣੌਤੀ ਨੂੰ ਹੌਂਸਲੇ ਨਾਲ ਕਬੂਲਣਗੇ ਅਤੇ ਨਾ ਸਿਰਫ਼ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣਗੇ ਸਗੋਂ ਲੋਕ-ਸੰਗਰਾਮਾਂ ਦੀ ਸੂਹੀ ਲਾਟ ਨੂੰ ਹੋਰ ਤੇਜ਼ ਕਰਦਿਆਂ ਇਹਨਾਂ ਕਾਤਲਾਂ ਦੇ ਚੰਦਰੇ ਮਨਸੂਬੇ ਮਿੱਟੀ 'ਚ ਰੋਲ ਦੇਣਗੇ।

ਵਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬਅਮੋਲਕ ਸਿੰਘ, ਜਨਰਲ ਸਕੱਤਰ,
(ਬੁੜੈਲ ਜੇਲ੍ਹ ਚੰਡੀਗੜ੍ਹ)
ਨਰਿੰਦਰ ਕੁਮਾਰ ਜੀਤ, ਪ੍ਰਧਾਨ (ਮੋ:94175-07363)
(ਬਠਿੰਡਾ)

1 comment:

 1. Mitter Jeo
  Mun bahut kharaab see. Sathi Sadhu dee Tasveer dekhan nu mun lochda see. Mukti Marg ne dikhaal ditee. Mun vich bahut gussa te ranjash hai. Tasveeran ne eh jug jahar kar dita hai.Tuhaadi himmat nu daad deni ban-dee hai.
  Long live Mukti Maarg
  Long live peoples revolutions
  Tuhaada ikk Mitter-- Fateh singh

  ReplyDelete